ਸਿੱਖਿਆ ਹੁਣ ਇਕ ਕਾਰੋਬਾਰ ਬਣ ਕੇ ਰਹਿ ਗਈ

Saturday, Jun 15, 2024 - 04:49 PM (IST)

ਜ਼ਿੰਦਗੀ ਦੇ 3 ਪੜਾਅ ਹਨ। ਸਭ ਤੋਂ ਪਹਿਲਾਂ ਪੜ੍ਹਾਈ-ਲਿਖਾਈ, ਫਿਰ ਉਸ ਦੇ ਦਮ ’ਤੇ ਮਨਚਾਹੀ ਜਾਂ ਜਿਹੋ ਜਿਹੀ ਨੌਕਰੀ ਜਾਂ ਕੋਈ ਕੰਮ-ਧੰਦਾ ਜਾਂ ਫਿਰ ਅਜਿਹਾ ਸਮਾਂ ਜਿਸ ’ਚ ਹੁਣ ਤੱਕ ਜੋ ਹੋਇਆ, ਉਸ ਨੂੰ ਯਾਦ ਕਰਨਾ, ਯਾਦ ਨੂੰ ਸੁਣਦੇ-ਸੁਣਾਉਂਦੇ ਉਡੀਕ ਕਰਦੇ ਰਹਿਣਾ ਕਿ ਕਦ ਪ੍ਰਲੋਕ ਸਿਧਾਰਨ ਦਾ ਸਮਾਂ ਆ ਜਾਵੇ, ਇਹੀ ਹਕੀਕਤ ਹੈ। ਯੋਗਤਾ ਦਾ ਮਾਪਦੰਡ : ਇਸ ਨੂੰ ਇਸ ਘਟਨਾ ਤੋਂ ਸਮਝਦੇ ਹਾਂ। ਦੇਸ਼ ਦੇ ਸੰਸਥਾਨ ਐੱਨ. ਈ. ਈ. ਟੀ. ਭਾਵ ਵੱਖ-ਵੱਖ ਕਿੱਤਿਆਂ ’ਚ ਉੱਚ ਸਿੱਖਿਆ ਹਾਸਲ ਕਰਨ ਲਈ ਸਰਕਾਰੀ ਸੰਸਥਾਨਾਂ ’ਚ ਦਾਖਲੇ ਦੀ ਯੋਗਤਾ ਸਿੱਧ ਕਰਨ ਵਾਲਾ ਅਦਾਰਾ ਨੀਟ। ਇਸ ਅਧੀਨ ਠੇਕਾ ਸਿਧਾਂਤ ਦੇ ਆਧਾਰ ’ਤੇ ਐੱਨ. ਟੀ. ਏ. ਜਾਂ ਰਾਸ਼ਟਰੀ ਪੱਧਰ ’ਤੇ ਚਾਹਵਾਨ ਵਿਦਿਆਰਥੀਆਂ ਦੀ ਪ੍ਰੀਖਿਆ ਲੈਣ ਵਾਲੀ ਏਜੰਸੀ ਦਾ ਗਠਨ ਹੋਇਆ ਤਾਂ ਕਿ ਨੌਜਵਾਨ ਵਰਗ ਨੂੰ ਇਧਰ-ਓਧਰ ਭਟਕਣਾ ਨਾ ਪਵੇ ਅਤੇ ਉਹ ਨਿਸ਼ਚਿੰਤ ਹੋ ਕੇ ਆਪਣਾ ਨਿਰਧਾਰਿਤ ਟੀਚਾ ਜਾਂ ਸੁਪਨਾ ਪੂਰਾ ਕਰ ਸਕਣ।

ਮੈਡੀਕਲ ਦੇ ਖੇਤਰ ’ਚ ਜਾਣ ਦਾ ਚਾਹਵਾਨ ਨੌਜਵਾਨ ਵਰਗ ਇਕ ਬਹੁਤ ਹੀ ਸਖਤ ਅਤੇ ਪਾਰਦਰਸ਼ੀ ਕਹੇ ਜਾਣ ਵਾਲੇ ਇਮਤਿਹਾਨ ਦੀ ਤਿਆਰੀ ’ਚ ਜੁਟ ਜਾਂਦਾ ਹੈ। ਸਕੂਲ ’ਚ ਜੋ ਪੜ੍ਹਿਆ, ਉਹ ਨਾਕਾਫੀ ਹੋਣ ਨਾਲ ਅਜਿਹੀਆਂ ਦੁਕਾਨਾਂ ਦਾ ਖੁੱਲ੍ਹਣਾ ਲਾਜ਼ਮੀ ਹੋ ਗਿਆ ਜਿੱਥੇ ਹਰ ਤਰ੍ਹਾਂ ਦੇ ਕਾਰੋਬਾਰਾਂ ਦੀ ਸਮਝ ਦਿਵਾਉਣ ਅਤੇ ਫਿਰ ਜੇਕਰ ਕੋਈ ਮੁਕਾਬਲੇਬਾਜ਼ੀ ਹੁੰਦੀ ਹੈ ਤਾਂ ਉਸ ’ਚ ਪਾਸ ਹੋਣ ਦੀ ਗਾਰੰਟੀ ਦਿੱਤੀ ਜਾ ਸਕੇ। ਇਨ੍ਹਾਂ ਦਾ ਪੈਦਾ ਹੋਣਾ ਯਕੀਨੀ ਸੀ ਕਿਉਂਕਿ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਸੀ। ਅਜਿਹੇ ’ਚ ਉਨ੍ਹਾਂ ਲੋਕਾਂ ਦੀਆਂ ਪੌਂ ਬਾਰਾਂ ਹੋ ਗਈਆਂ ਜਿਨ੍ਹਾਂ ਨੇ ਆਪਣੀਆਂ ਖਾਲੀ ਦੁਕਾਨਾਂ ਜਾਂ ਬੇਕਾਰ ਪਈਆਂ ਵੱਡੀਆਂ ਹਵੇਲੀਆਂ ਦੀ ਕਾਂਟ-ਛਾਂਟ ਕਰ ਕੇ ਕਲਾਸਰੂਮ, ਹੋਸਟਲ ’ਚ ਬਦਲ ਕੇ ਉਸ ਦੇ ਵਿਹੜੇ ’ਚ ਸੋਨਾ-ਚਾਂਦੀ ਵਰ੍ਹਨ ਦਾ ਪ੍ਰਬੰਧ ਕਰ ਲਿਆ।

ਉੱਥੇ ਕਾਲਪਨਿਕ ਯੋਗਤਾ ਦੇ ਆਧਾਰ ’ਤੇ ਅਧਿਆਪਕਾਂ ਦੀ ਨਿਯੁਕਤੀ ਹੋਈ ਜਿਨ੍ਹਾਂ ਨੂੰ ਟੀਚਾ ਦਿੱਤਾ ਗਿਆ ਕਿ ਭਾਵੇਂ ਜੋ ਕੁਝ ਵੀ ਕਰਨਾ ਪਵੇ, ਉਨ੍ਹਾਂ ਦੇ ਇੱਥੇ ਪੜ੍ਹਨ ਵਾਲੇ ਸਿਰਫ ਪਾਸ ਹੀ ਨਹੀਂ ਸਗੋਂ ਮੈਰਿਟ ਹਾਸਲ ਕਰਨ ਤਾਂ ਕਿ ਉਨ੍ਹਾਂ ਦਾ ਦਾਖਲਾ ਵਧੇ ਅਤੇ ਵੱਕਾਰੀ ਸੰਸਥਾਨਾਂ ’ਚ ਸੰਭਵ ਹੋ ਜਾਵੇ। ਜੇਕਰ ਵਿਦਿਆਰਥੀ ਇਸ ਯੋਗ ਹੈ ਕਿ ਅਗਵਾਈ ਨਾਲ ਸਹੀ ਦਿਸ਼ਾ ਤੱਕ ਪਹੁੰਚ ਸਕਦਾ ਹੈ ਤਾਂ ਇਨ੍ਹਾਂ ਨੂੰ ਪੜ੍ਹਾਉਣ ਵਲਿਆਂ ਨੂੰ ਵੱਧ ਮਿਹਨਤ ਨਹੀਂ ਕਰਨੀ ਪੈਂਦੀ। ਜੇਕਰ ਅਜਿਹਾ ਨਹੀਂ ਹੈ ਤਾਂ ਅਜਿਹੇ ਉਪਾਅ ਅਪਣਾਏ ਜਾਂਦੇ ਹਨ ਕਿ ਕਾਬਲੀਅਤ ਨੂੰ ਇਕ ਪਾਸੇ ਰੱਖ ਕੇ ਪੈਸੇ ਦੇ ਜ਼ੋਰ ’ਤੇ ਫਸਟ ਆਉਣ ਵਾਲਿਆਂ ਦੀ ਭੀੜ ਲੱਗ ਜਾਵੇ।

ਇਨ੍ਹਾਂ ਲਈ ਪ੍ਰੀਖਿਆ ਕੇਂਦਰ ’ਤੇ ਗੰਢਤੁੱਪ ਹੋ ਜਾਂਦੀ ਹੈ। ਪ੍ਰਸ਼ਨ-ਪੱਤਰ ਲੀਕ ਕਰ ਕੇ ਰਟਵਾਉਣ ਅਤੇ ਨਕਲ ਕਰਨ ਦੀ ਸਹੂਲਤ ਵਾਧੂ ਚਾਰਜ ’ਤੇ ਮੁਹੱਈਆ ਕਰ ਦਿੱਤੀ ਜਾਂਦੀ ਹੈ। ਜੋ ਆਪਣੀ ਦਿਨ-ਰਾਤ ਦੀ ਮਿਹਨਤ ਅਤੇ ਪਰਿਵਾਰ ਨੂੰ ਆਰਥਿਕ ਤੌਰ ’ਤੇ ਕੰਗਾਲ ਤੱਕ ਕਰ ਦੇਣ ਦੇ ਜ਼ੋਰ ’ਤੇ ਇਨ੍ਹਾਂ ਪ੍ਰੀਖਿਆਵਾਂ ’ਚ ਪਾਸ ਹੋਣ ਦਾ ਸੁਪਨਾ ਦੇਖਦੇ ਹਨ, ਉਹ ਪਿੱਛੇ ਰਹਿ ਜਾਂਦੇ ਹਨ। ਲੱਖਾਂ ਨੌਜਵਾਨਾਂ ਨੂੰ ਨਿਰਾਸ਼ਾ, ਡਿਪ੍ਰੈਸ਼ਨ ਅਤੇ ਮਾਨਸਿਕ ਤਣਾਅ ਦੇ ਦੌਰ ’ਚੋਂ ਲੰਘਣਾ ਪੈਂਦਾ ਹੈ। ਕੋਚਿੰਗ ਇੰਨੀ ਮਹਿੰਗੀ ਕਿ ਮਾਤਾ-ਪਿਤਾ ਤੋਂ ਇਕ ਹੋਰ ਚਾਂਸ ਲੈਣ ਦੀ ਗੱਲ ਕਹਿ ਨਹੀਂ ਸਕਦੇ ਅਤੇ ਜੋ ਵੀ ਰੋਜ਼ਗਾਰ ਮਿਲ ਜਾਵੇ ਉਸ ਦੀ ਕੋਸ਼ਿਸ਼ ’ਚ ਲੱਗ ਜਾਂਦੇ ਹਨ।

ਇਸ ਗੱਲ ’ਚ ਸ਼ੱਕ ਨਹੀਂ ਹੈ ਕਿ ਇਨ੍ਹਾਂ ਸਾਰੀਆਂ ਔਖੀਆਂ ਹਾਲਤਾਂ ਦੇ ਹੁੰਦੇ ਹੋਏ ਵੀ ਕੁਝ ਹੋਣਹਾਰ ਆਪਣਾ ਮਨਚਾਹਿਆ ਕੋਰਸ ਕਰਨ ’ਚ ਸਫਲ ਹੋ ਜਾਂਦੇ ਹਨ। ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨਾਲ ਕੰਪੀਟੀਸ਼ਨ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜੋ ਧਨ, ਬਲ ਅਤੇ ਸਿਫਾਰਿਸ਼ ਦੇ ਜ਼ੋਰ ’ਤੇ ਇਨ੍ਹਾਂ ਥਾਵਾਂ ’ਚ ਉਨ੍ਹਾਂ ਤੋਂ ਅੱਗੇ ਬੈਠੇ ਹੁੰਦੇ ਹਨ। ਇਹ ਸਾਰੇ ਮੁੰਨਾਭਾਈ ਹਰ ਥਾਂ ਸਫਲ ਹੁੰਦੇ ਰਹਿੰਦੇ ਹਨ ਅਤੇ ਉਹ ਸਾਰੇ ਅਹੁਦੇ ਹਾਸਲ ਕਰ ਲੈਂਦੇ ਹਨ ਜਿਨ੍ਹਾਂ ’ਤੇ ਕਿਸੇ ਦੂਜੇ ਦਾ ਅਧਿਕਾਰ ਸੀ।

ਵਰਨਣਯੋਗ ਇਹ ਹੈ ਕਿ ਇਹ ਰਵਾਇਤ ਆਜ਼ਾਦੀ ਦੇ ਬਾਅਦ ਤੋਂ ਹੁਣ ਤੱਕ ਬੇਰੋਕ-ਟੋਕ ਚੱਲ ਰਹੀ ਹੈ। ਇਸ ਨੂੰ ਤੋੜਨਾ ਜਾਂ ਬਦਲਣਾ ਔਖਾ ਹੀ ਨਹੀਂ ਸਗੋ ਅਸੰਭਵ ਲੱਗਦਾ ਹੈ ਕਿਉਂਕਿ ਸਾਡੀ ਸਿਆਸੀ ਵਿਵਸਥਾ ਅਤੇ ਸਮਾਜਿਕ ਸੋਚ ਅਜਿਹੀ ਹੈ ਕਿ ਜੇਕਰ ਥੋੜ੍ਹੀ ਜਿਹੀ ਪਹੁੰਚ, ਖਾਨਦਾਨੀ ਰੁਤਬੇ ਅਤੇ ਪੈਸਾ ਸੁੱਟ ਕੇ ਤਮਾਸ਼ਾ ਦੇਖਣ ਨੂੰ ਮਿਲ ਜਾਵੇ ਤਾਂ ਇਸ ’ਚ ਬੁਰਾਈ ਕੀ ਹੈ। ਸਿੱਖਿਆ ਦੇ ਖੇਤਰ ’ਚ ਭਾਵੇਂ ਵਿਆਪਮ ਘਪਲਾ ਹੋਵੇ ਜਾਂ ਅੱਜ ਦਾ ਮੈਡੀਕਲ ਸੰਸਥਾਨਾਂ ’ਚ ਦਾਖਲੇ ਲਈ ਕੀਤੇ ਗਏ ਪੇਪਰ ਲੀਕ, ਗ੍ਰੇਸ ਮਾਰਕ ਦੇਣ ਅਤੇ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਪਿਛੋਕੜ ਹੋਵੇ, ਕੁਝ ਨਹੀਂ ਬਦਲਿਆ ਹੈ।

ਸੁਪਰੀਮ ਕੋਰਟ ਦੇ ਫੈਸਲੇ ਵੀ ਕਿੰਨੀ ਅਹਿਮੀਅਤ ਰੱਖਦੇ ਹਨ, ਕਿਸੇ ਤੋਂ ਲੁਕਿਆ ਨਹੀਂ ਹੈ, ਉਨ੍ਹਾਂ ਨੂੰ ਆਪਣੇ ਸਵਾਰਥ ਅਨੁਸਾਰ ਤੋੜਨ-ਮਰੋੜਣ ਵਾਲਿਆਂ ਦੀ ਕਮੀ ਨਹੀਂ ਹੈ। ਇਸੇ ਦੇ ਨਾਲ ਅਜਿਹੇ ਨੌਜਵਾਨਾਂ ਦੀ ਵੀ ਗਿਣਤੀ ਘੱਟ ਨਹੀਂ ਹੋਣ ਵਾਲੀ ਜੋ ਇੱਥੋਂ ਦੀ ਪ੍ਰਣਾਲੀ ਤੋਂ ਭਰੋਸਾ ਉੱਠ ਜਾਣ ਕਾਰਨ ਕਿਸੇ ਵੀ ਤਰ੍ਹਾਂ ਵਿਦੇਸ਼ ਜਾ ਕੇ ਪੜ੍ਹਨ ਅਤੇ ਫਿਰ ਕਦੀ ਨਾ ਪਰਤ ਕੇ ਆਉਣ ਦੇ ਸੰਕਲਪ ਦੀ ਦ੍ਰਿੜ੍ਹਤਾ ’ਤੇ ਯਕੀਨ ਕਰਨ ਲੱਗਦੇ ਹਨ।

ਜਿੱਥੋਂ ਤੱਕ ਗ੍ਰੇਸ ਮਾਰਕ ਦੀ ਗੱਲ ਸੀ, ਉਸ ਦਾ ਬੜਾ ਸੌਖਾ ਹੱਲ ਇਹ ਸੀ ਕਿ ਜਿੰਨਾ ਸਮਾਂ ਕਿਸੇ ਸੈਂਟਰ ’ਤੇ ਵਿਅਰਥ ਗਿਆ, ਉਸਦੀ ਪੂਰਤੀ ਵਾਧੂ ਸਮਾਂ ਦੇ ਕੇ ਕਰ ਲਈ ਜਾਂਦੀ ਪਰ ਖੇਡ ਤਾਂ ਇਹ ਸੀ ਹੀ ਨਹੀਂ, ਉਹ ਤਾਂ ਸੈਂਕੜੇ ਕਰੋੜ ਦੀ ਕਮਾਈ ਦੀ ਸੀ ਅਤੇ ਸ਼ਾਇਦ ਇਸ ਦਾ ਕਦੀ ਖੁਲਾਸਾ ਹੀ ਨਾ ਹੋਵੇ ਅਤੇ ਕਿਤੇ ਕਿਸੇ ਇਕ ਹੋਰ ਕਬਰ ’ਚ ਇਹ ਵੀ ਦਫਨ ਹੋ ਜਾਵੇ!

ਪੂਰਨ ਚੰਦ ਸਰੀਨ


Tanu

Content Editor

Related News