ਭਾਣਜੇ ਦੇ ਵਿਆਹ ਦੀਆਂ ਤਿਆਰੀਆਂ ''ਚ ਲੱਗੇ ਖੁਫੀਆ ਵਿਭਾਗ ਦੇ ਅਫਸਰ ਦੀ ਮੌਤ
Tuesday, Nov 19, 2019 - 06:42 PM (IST)

ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਬੀਤੀ ਸ਼ਾਮ ਪੈਲੇਸ ਦੇ ਸਾਹਮਣੇ ਪੁਲਸ ਦੇ ਖੁਫੀਆ ਵਿਭਾਗ 'ਚ ਤਾਇਨਾਤ ਸਹਾਇਕ ਥਾਣੇਦਾਰ ਦੇ ਮੋਟਰਸਾਈਕਲ ਨੂੰ ਸ਼ਰਾਬ ਦੇ ਨਸ਼ੇ 'ਚ ਟੱਲੀ ਕਾਰ ਸਵਾਰ ਵਿਅਕਤੀ ਵੱਲੋਂ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤਾ ਗਈ ਜਿਸ 'ਚ ਸਹਾਇਕ ਥਾਣੇਦਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਸ ਵਿਭਾਗ ਦੇ ਖੁਫ਼ੀਆਂ ਵਿਭਾਗ 'ਚ ਤਾਇਨਾਤ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੋਪਾਲ ਨਗਰ ਬਠਿੰਡਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਾਲਝਰਾਣੀ ਵਿਖੇ ਆਪਣੇ ਭਾਣਜੇ ਨਵਦੀਪ ਸਿੰਘ ਦੇ ਵਿਆਹ ਦੀਆਂ ਚੱਲ ਰਹੀਆਂ ਤਿਆਰੀਆਂ 'ਚ ਕੰਮ ਕਾਜ ਲਈ ਪਿੰਡ ਜਾ ਰਿਹਾ ਸੀ ਜਦੋਂ ਉਹ ਉਕਤ ਸਥਾਨ 'ਤੇ ਪਹੁੰਚਿਆ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ 'ਚ ਕੁਲਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਅੱਗੇ ਖੰਭੇ ਨਾਲ ਟਕਰਾਉਂਦੀ ਹੋਈ ਖ਼ੇਤਾਂ 'ਚ ਪਲਟ ਗਈ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਾਰ ਚਾਲਕ ਸ਼ਰਾਬ 'ਚ ਪੂਰੀ ਤਰ੍ਹਾਂ ਟੱਲੀ ਸੀ ਜਿਸ ਦੇ ਵੀ ਕਾਫੀ ਸੱਟਾਂ ਲੱਗੀਆਂ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰਦਗੜ੍ਹ ਦੀ ਪੁਲਸ ਮੌਕੇ 'ਤੇ ਪਹੁੰਚੀ, ਜਿਸ ਨੇ ਮ੍ਰਿਤਕ ਕੁਲਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਹਿਲਾਂ ਸਿਵਲ ਹਸਪਤਾਲ ਘੁੱਦਾ 'ਤੇ ਫਿਰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਮਹਿੰਗਾ ਸਿੰਘ ਵੱਲੋਂ ਮ੍ਰਿਤਕ ਕੁਲਦੀਪ ਸਿੰਘ ਦੇ ਪਰਿਵਾਰਕ ਮੈਂਬਰ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਦੇ ਬਿਆਨਾਂ 'ਤੇ ਕਾਰ ਚਾਲਕ ਚਤਰੰਜਨ ਸਿੰਘ ਵਾਸੀ ਮੁਕੰਦ ਸਿੰਘ ਵਾਸੀ ਲੰਬੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਕੁਲਦੀਪ ਸਿੰਘ ਦੇ ਭਾਣਜੇ ਨਵਦੀਪ ਸਿੰਘ ਦਾ 23 ਨਵੰਬਰ ਨੂੰ ਵਿਆਹ ਸੀ ਜਿਸ ਦੀਆਂ ਘਰ 'ਚ ਤਿਆਰੀਆਂ ਚੱਲ ਰਹੀਆਂ ਸਨ। ਕੁਲਦੀਪ ਸਿੰਘ ਦੀ ਮੌਤ ਕਾਰਨ ਪਿੰਡ ਕਾਲਝਰਾਣੀ 'ਤੇ ਬਠਿੰਡਾ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।