ਵਿਆਹ ''ਤੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 1 ਦੀ ਮੌਤ
Tuesday, Nov 12, 2019 - 05:44 PM (IST)

ਸ੍ਰੀ ਅਨੰਦਪੁਰ ਸਾਹਿਬ (ਜ.ਬ.) : ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ 'ਤੇ ਪੈਂਦੇ ਪਿੰਡ ਮਾਂਗੇਵਾਲ ਕੋਲ ਵਾਪਰੇ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਤਫ਼ਤੀਸ਼ੀ ਅਫ਼ਸਰ ਸਬ-ਇੰਸਪੈਕਟਰ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਜਮੋਰ ਦਾ ਨਿਰਮਲ ਸਿੰਘ (48) ਪੁੱਤਰ ਰਾਮ ਪ੍ਰਕਾਸ਼ ਆਪਣੀ ਪਤਨੀ ਕੁਲਵਿੰਦਰ ਕੌਰ (40) ਅਤੇ 2 ਬੇਟੀਆਂ ਸ਼ਾਲੂ ਰਾਣੀ (18) ਅਤੇ ਸਰਬਜੀਤ ਕੌਰ (20) ਨਾਲ ਆਪਣੇ ਸਾਲੇ ਦੇ ਵਿਆਹ ਵਿਚ ਸ਼ਮੂਲੀਅਤ ਕਰਨ ਲਈ ਆਪਣੀ ਇੰਡੀਗੋ ਕਾਰ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੰਡ ਮਾਂਗੇਵਾਲ ਦੇ ਮੋੜ ਕੋਲ ਅਚਾਨਕ ਕਾਰ ਬੇਕਾਬੂ ਹੋ ਕੇ ਇਕ ਖੰਭੇ ਨਾਲ ਵੱਜੀ, ਜਿਸ ਕਾਰਣ ਨਿਰਮਲ ਸਿੰਘ ਸਮੇਤ ਸਾਰਾ ਪਰਿਵਾਰ ਗੰਭੀਰ ਜ਼ਖਮੀ ਹੋ ਗਿਆ।
ਇਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਨਿਰਮਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਉਸ ਦੀ ਪਤਨੀ ਕੁਲਵਿੰਦਰ ਕੌਰ ਦੇ ਗੰਭੀਰ ਜ਼ਖਮੀ ਹੋਣ ਕਾਰਣ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਅਤੇ ਉਸ ਦੀਆਂ ਬੇਟੀਆਂ ਸ਼ਾਲੂ ਰਾਣੀ ਅਤੇ ਸਰਬਜੀਤ ਕੌਰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਹਨ। ਹਾਦਸੇ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।