ਧਰਿਆ-ਧਰਾਇਆ ਰਹਿ ਗਿਆ ਵਿਆਹ, ਲਾੜੀ ਨੇ ਮੰਡਪ ਤੋਂ ਮੋੜੀ ਬਾਰਾਤ
Tuesday, Jul 16, 2019 - 06:43 PM (IST)

ਫਗਵਾੜਾ— ਇਥੋਂ ਦੇ ਜਗਜੀਤਪੁਰ 'ਚ ਇਕ ਵਿਆਹ ਸਮਾਗਮ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਲਾੜੇ ਦੀ ਉਮਰ ਵੱਧ ਹੋਣ ਕਰਕੇ ਲਾੜੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੰਡਪ ਤੋਂ ਹੀ ਬਾਰਾਤ ਨੂੰ ਵਾਪਸ ਭੇਜ ਦਿੱਤਾ। ਲਾੜੀ ਦਾ ਤਰਕ ਸੀ ਕਿ ਲਾੜੇ ਦੀ ਉਮਰ ਵੱਧ ਹੈ ਅਤੇ ਉਹ ਉਸ ਦੇ ਨਾਲ ਖੁਸ਼ ਨਹੀਂ ਰਹਿ ਸਕਦੀ। ਇੰਨਾ ਕਹਿੰਦੇ ਹੀ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਪਿੰਡ ਵਾਸੀਆਂ ਸਮੇਤ ਬਾਰਾਤ ਦੇ ਨਾਲ ਆਏ ਰਿਸ਼ਤੇਦਾਰਾਂ ਨੇ ਲੜਕੀ ਪੱਖ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਲਾੜੀ ਆਪਣੀ ਜ਼ਿੱਦ 'ਤੇ ਅੜੀ ਰਹੀ। ਲਾੜੀ ਨੇ ਕਿਹਾ ਕਿ ਜਿਸ ਲੜਕੇ ਦੀ ਤਸਵੀਰ ਨੂੰ ਦੇਖ ਕੇ ਉਸ ਨੇ ਵਿਆਹ ਲਈ ਹਾਂ ਕੀਤੀ ਸੀ, ਇਹ ਉਹ ਲੜਕੀ ਨਹੀਂ ਹੈ। ਇਸ ਤੋਂ ਬਾਅਦ ਪਿੰਡ ਵਾਸੀ ਵੀ ਲੜਕੀ ਦੇ ਹੱਕ 'ਚ ਆ ਗਏ ਅਤੇ ਉਸ ਨੂੰ ਆਪਣੇ ਨਾਲ ਲੈ ਕੇ ਚਲੇ ਗਏ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਫਗਵਾੜਾ ਦੇ ਪਿੰਡ ਜਗਜੀਤਪੁਰ ਦੀ ਇਕ ਲੜਕੀ ਦਾ ਵਿਆਹ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਇਕ ਨੌਜਵਾਨ ਨਾਲ ਤੈਅ ਹੋਇਆ ਸੀ। ਵਿਆਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਸਮਾਗਮ ਦਾ ਸਥਾਨ ਵੀ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਸੀ। ਬੀਤੇ ਦਿਨੀਂ ਲੜਕੀ ਵੀ ਦੁਲਹਣ ਦੇ ਰੂਪ 'ਚ ਤਿਆਰ ਹੋ ਕੇ ਮੰਡਪ ਤੱਕ ਪਹੁੰਚੀ ਹੀ ਸੀ ਕਿ ਇਸੇ ਦੌਰਾਨ ਲੜਕੀ ਨੇ ਫੋਟੋਗ੍ਰਾਫੀ ਵੇਲੇ ਲਾੜੇ ਦਾ ਚਿਹਰਾ ਦੇਖ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਲੜਕਾ ਉਸ ਤੋਂ ਕਾਫੀ ਵੱਡੀ ਉਮਰ ਦਾ ਹੈ। ਇਸ ਤੋਂ ਬਾਅਦ ਜਿੱਥੇ ਲਾੜੇ ਪੱਖ ਵੱਲੋਂ ਇਸ ਦੀ ਸ਼ਿਕਾਇਤ ਰਾਵਲਪਿੰਡੀ ਪੁਲਸ ਨੂੰ ਦਿੱਤੀ ਗਈ ਹੈ, ਉਥੇ ਹੀ ਲੜਕੀ ਪੱਖ ਵੱਲੋਂ ਵੀ ਲੜਕੇ ਵਾਲਿਆਂ ਖਿਲਾਫ ਧੋਖਾਧੜੀ ਕਰਨ ਦੀ ਗੱਲ ਕਹਿ ਕੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਹੈ।
ਉਥੇ ਹੀ ਵਿਆਹ 'ਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਬਾਰਾਤ ਲੈ ਕੇ ਪਹੁੰਚੇ ਲਾੜੇ ਦੀ ਕੈਮਰਾਮੈਨ ਫੋਟੋਗ੍ਰਾਫੀ ਕਰ ਰਿਹਾ ਸੀ। ਇਸੇ ਦੌਰਾਨ ਜਦੋਂ ਲਾੜੀ ਨੇ ਲਾੜੇ ਦਾ ਚਿਹਰਾ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਫਿਰ ਲੜਕੀ ਨੇ ਵੱਧ ਉਮਰ ਦਾ ਹਵਾਲਾ ਦਿੰਦੇ ਹੋਏ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਮਾਮਲਾ ਵਿਗੜਦਾ ਦੇਖ ਕੇ ਲੜਕੀ ਪੱਖ ਦੇ ਸਮਰਥਨ 'ਚ ਆ ਗਏ ਅਤੇ ਸਿਹਤ ਖਰਾਬ ਹੋਣ ਦੀ ਗੱਲ ਕਹਿ ਕੇ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚ ਗਏ। ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਬਾਬਤ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।