ਭੇਤਭਰੀ ਹਾਲਤ ''ਚ ਵਿਆਹੁਤਾ ਦੀ ਮੌਤ

07/13/2019 10:50:44 PM

ਬਟਾਲਾ,(ਬੇਰੀ): ਬਟਾਲਾ ਦੇ ਨਜ਼ਦੀਕੀ ਪਿੰਡ ਬੱਜੂਮਾਨ 'ਚ ਇਕ ਵਿਆਹੁਤਾ ਦੀ ਭੇਤਭਰੀ ਹਾਲਤ 'ਚ ਮੌਤ ਹੋ ਗਈ ਹੈ। ਇਸ ਸੰਬੰਧ 'ਚ ਥਾਣਾ ਸਦਰ ਦੇ ਐੱਸ.ਐੱਚ.ਓ ਸੁਖਰਾਜ ਸਿੰਘ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਮਿੰਦਰ ਕੌਰ ਦੇ ਪਿਤਾ ਜਗੀਰ ਸਿੰਘ ਵਾਸੀ ਪਿੰਡ ਖੱਬੇ ਡੋਗਰਾ ਥਾਣਾ ਤਾਰਾਗੜ੍ਹ ਨੇ ਸਰਪੰਚ ਅਮਰੀਕ ਸਿੰਘ ਅਤੇ ਮੈਂਬਰ ਪੰਚਾਇਤ ਕੁਲਬੀਰ ਸਿੰਘ ਦੀ ਹਾਜਰੀ 'ਚ ਦੱਸਿਆ ਕਿ ਉਨ੍ਹਾਂ ਦੀ ਲੜਕੀ ਗੁਰਮਿੰਦਰ ਕੌਰ ਦਾ ਵਿਆਹ ਰਣਬੀਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਬੱਜੂਮਾਨ ਨਾਲ ਪੂਰੇ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ ਅਤੇ ਵਿਆਹ ਮੌਕੇ ਅਸੀਂ ਆਪਣੀ ਲੜਕੀ ਨੂੰ ਬਣਦਾ ਦਾਜ ਦਾ ਸਾਰਾ ਸਾਜੋ-ਸਾਮਾਨ ਦਿੱਤਾ ਸੀ ਪਰ ਵਿਆਹ ਦੇ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਦੀ ਲੜਕੀ ਗੁਰਮਿੰਦਰ ਕੌਰ ਨੂੰ ਉਸਦੇ ਸਹੁਰਾ ਪਰਿਵਾਰ ਵਾਲੇ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਹੋਏ ਗੱਡੀ ਦੀ ਮੰਗ ਕਰਨ ਲੱਗ ਪਏ। ਜਗੀਰ ਸਿੰਘ ਨੇ ਪੁਲਸ ਨੂੰ ਅੱਗੇ ਜਾਣਕਾਰੀ ਦਿੱਤੀ ਕਿ ਆਪਣੀ ਬੇਟੀ ਨੂੰ ਦੁਖੀ ਦੇਖ ਕੇ ਉਨ੍ਹਾਂ ਨੇ ਆਲਟੋ ਕਾਰ ਦੇ ਦਿੱਤੀ ਪਰ ਫਿਰ ਵੀ ਉਨ੍ਹਾਂ ਦੀ ਲੜਕੀ ਗੁਰਮਿੰਦਰ ਕੌਰ ਦੇ ਸਹੁਰਾ ਪਰਿਵਾਰ ਵਾਲੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਾਜ ਨਾ ਆਏ ਅਤੇ ਵੱਡੀ ਗੱਡੀ ਦੀ ਮੰਗ ਕਰਨ ਲੱਗ ਗਏ। ਜਗੀਰ ਸਿੰਘ ਨੇ ਦੱਸਿਆ ਕਿ ਮੰਗ ਨਾ ਪੂਰੀ ਹੁੰਦੀ ਦੇਖ ਗੁਰਮਿੰਦਰ ਕੌਰ ਨਾਲ ਉਸਦੀ ਸੱਸ ਅਤੇ ਦਿਉਰ ਨੇ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਜਦਕਿ ਉਨ੍ਹਾਂ ਦਾ ਜਵਾਈ ਫ੍ਰਾਂਸ 'ਚ ਰਹਿੰਦਾ ਹੈ।

ਉਸਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਆਪਣੀ ਲੜਕੀ ਗੁਰਮਿੰਦਰ ਕੌਰ ਦਾ ਫੋਨ ਆਇਆ ਕਿ ਉਸਦੇ ਸਹੁਰਾ ਪਰਿਵਾਰ ਵਾਲੇ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਹੋਏ ਉਸ ਨਾਲ ਮਾਰ ਕੁਟਾਈ ਕਰ ਰਹੇ ਹਨ, ਜਿਸਦੇ ਚਲਦਿਆਂ ਉਹ ਤੁਰੰਤ ਆਪਣੀ ਲੜਕੀ ਦੇ ਸਹੁਰੇ ਪਹੁੰਚੇ ਤਾਂ ਉਨ੍ਹਾਂ ਦੀ ਲੜਕੀ ਅਤੇ ਸਹੁਰਾ ਪਰਿਵਾਰ ਵਾਲੇ ਉਥੇ ਨਹੀਂ ਸਨ ਅਤੇ ਆਂਡ-ਗੁਆਂਡ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਹਾਲਤ ਖਰਾਬ ਹੋਣ ਦੇ ਚਲਦਿਆਂ ਉਸਦੇ ਸਹੁਰਾ ਪਰਿਵਾਰ ਵਾਲੇ ਉਸਨੂੰ ਇਲਾਜ ਲਈ ਹਸਪਤਾਲ ਲੈ ਗਏ ਹਨ, ਜਿਸਦੇ ਬਾਅਦ ਉਹ ਆਪਣੀ ਲੜਕੀ ਨੂੰ ਲੱਬਦੇ ਹੋਏ ਅਮ੍ਰਿਤਸਰ ਜਾ ਰਹੇ ਸੀ ਤਾਂ ਰਾਸਤੇ 'ਚ ਸਥਿਤ ਵੇਰਕਾ 'ਚ ਉਨ੍ਹਾਂ ਦੇ ਸਮਧੀ ਉਨ੍ਹਾਂ ਨੂੰ ਮਿਲ ਗਏ ਜਿਸਦੇ ਬਾਅਦ ਉਨ੍ਹਾਂ ਨੇ ਆਪਣੀ ਲੜਕੀ ਨੂੰ ਜੀਉਂਦਾ ਸਮਝ ਕੇ ਉਸਨੂੰ ਆਪਣੀ ਗੱਡੀ 'ਚ ਲਿਟਾ ਦਿੱਤਾ ਸੀ ਤਾਂ ਕਿ ਉਹ ਇਲਾਜ ਲਈ ਆਪਣੀ ਧੀ ਨੂੰ ਹਸਪਤਾਲ 'ਚ ਲੈ ਕੇ ਜਾ ਸਕਣ ਪਰ ਉਨ੍ਹਾਂ ਦੀ ਲੜਕੀ ਗੁਰਮਿੰਦਰ ਕੌਰ ਦਮ ਤੋੜ ਚੁਕੀ ਸੀ। ਜਗੀਰ ਸਿੰਘ ਨੇ ਦੱਸਿਆ ਕਿ ਇਸਦੇ ਬਾਅਦ ਉਨ੍ਹਾਂ ਨੂੰ ਇਸ ਬਾਰੇ 'ਚ ਸਾਰੀ ਸੂਚਨਾ ਥਾਣਾ ਸਦਰ ਬਟਾਲਾ ਦੀ ਪੁਲਸ ਨੂੰ ਦਿੱਤੀ ਅਤੇ ਆਪਣੀ ਲੜਕੀ ਦੀ ਲਾਸ਼ ਬਟਾਲਾ ਲੈ ਕੇ ਆਏ।

ਉਧਰ, ਜਗੀਰ ਸਿੰਘ ਨੇ ਗੁਰਮਿੰਦਰ ਕੌਰ ਦੇ ਸਹੁਰਾ ਪਰਿਵਾਰ 'ਤੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਲੜਕੀ ਗੁਰਮਿੰਦਰ ਕੌਰ ਨੂੰ ਉਸਦੇ ਸਹੁਰਾ ਪਰਿਵਾਰ ਨੇ ਕੋਈ ਜਹਿਰੀਲੀ ਦਵਾਈ ਦੇ ਕੇ ਮਾਰ ਦਿੱਤਾ ਹੈ। ਇਸ ਲਈ ਪੁਲਸ ਪ੍ਰਸ਼ਾਸਨ ਸਾਨੂੰ ਬਣਦਾ ਇਨਸਾਫ ਦਿਵਾਏ ਅਤੇ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਉਹ ਪਿੰਡ ਵਾਸੀਆਂ ਅਤੇ ਪਰਿਵਾਰ ਸਮੇਤ ਨੈਸ਼ਨਲ ਹਾਈਵੇ ਜਾਮ ਕਰਨਗੇ। ਉਕਤ ਮਾਮਲੇ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਜਦੋਂ ਐੱਸ.ਐੱਚ.ਓ ਸਦਰ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕਾ ਗੁਰਮਿੰਦਰ ਕੌਰ ਦੀ ਲਾਸ਼ ਕਬਜ਼ੇ 'ਚ ਲੈਂਦੇ ਹੋਏ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਮੁਰਦਾਘਰ 'ਚ ਰੱਖ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਉਸਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਸਮਾਚਾਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।


Related News