ਮਕਸੂਦਾਂ ਰੋਡ ਘਪਲਾ: ਜਲੰਧਰ ਨਿਗਮ ਦੇ ਕਈ ਵੱਡੇ ਸੇਵਾਮੁਕਤ ਅਧਿਕਾਰੀ ਚੰਡੀਗੜ੍ਹ ਤਲਬ
Thursday, Jul 23, 2020 - 02:54 PM (IST)
ਜਲੰਧਰ, (ਖੁਰਾਣਾ)– ਪਿਛਲੇ ਲਗਾਤਾਰ 10 ਸਾਲ ਜਲੰਧਰ ਨਿਗਮ ਦੀ ਸੱਤਾ ’ਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 26 ਮਈ 2010 ਨੂੰ ਅਕਾਲੀ-ਭਾਜਪਾ ਆਗੂਆਂ ਨੇ ਮਕਸੂਦਾਂ ਰੋਡ ’ਤੇ ਸੜਕ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ ਸੀ। ਇਹ ਸੜਕ ਠੇਕੇਦਾਰ ਵਿਨੋਦ ਗੁਲਾਟੀ ਨੇ 3.76 ਕਰੋੜ ਰੁਪਏ ਦੀ ਲਾਗਤ ਨਾਲ ਬਣਾਉਣੀ ਸੀ, ਜਿਸ ਦਾ ਕੰਮ ਤਾਂ ਸ਼ੁਰੂ ਹੋ ਗਿਆ ਪਰ ਕਦੀ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਇਹ ਕੰਮ 2 ਸਾਲ ਲਟਕਦਾ ਰਿਹਾ, ਜਿਸ ਦੇ ਤਹਿਤ ਅੱਧਾ-ਅਧੂਰਾ ਕੰਮ ਹੀ ਸੜਕ ’ਤੇ ਹੋਇਆ, ਬਾਅਦ ਵਿਚ ਇਸ ਘਪਲੇ ਨੂੰ ਲੈ ਕੇ ਵਿਰੋਧੀ ਧਿਰ ਵਿਚ ਬੈਠੀ ਕਾਂਗਰਸ ਦੇ ਨੇਤਾਵਾਂ ਨੇ ਬਹੁਤ ਹੰਗਾਮਾ ਕੀਤਾ। ਇਸ ਦੌਰਾਨ ਕਈ ਵਾਰ ਵਿਜੀਲੈਂਸ ਆਫਿਸ ਤੱਕ ਨੂੰ ਘੇਰਿਆ ਗਿਆ ਅਤੇ ਇਸ ਸੜਕ ’ਤੇ ਹੋਏ ਖਰਚ ਦੀ ਮੰਗ ਲਗਾਤਾਰ ਉਠਦੀ ਰਹੀ, ਜਿਸ ਨੂੰ ਅਕਾਲੀ-ਭਾਜਪਾ ਨੇਤਾਵਾਂ ਨੇ ਆਪਣੇ ਪ੍ਰਭਾਵ ਨਾਲ ਦਬਾਈ ਰੱਖਿਆ। ਹੁਣ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਜਿਥੇ ਮਕਸੂਦਾਂ ਰੋਡ ਘਪਲੇ ਦੀ ਜਾਂਚ ਦਾ ਕੰਮ ਦੁਬਾਰਾ ਵਿਜੀਲੈਂਸ ਵਿਚ ਸ਼ੁਰੂ ਕੀਤਾ ਹੋਇਆ ਹੈ, ਉਥੇ ਹੀ ਇਹ ਜਾਂਚ ਹੁਣ ਕਾਫੀ ਅੱਗੇ ਵਧ ਗਈ ਹੈ, ਜਿਸ ਕਾਰਣ ਵਿਜੀਲੈਂਸ ਅਧਿਕਾਰੀਆਂ ਨੇ ਬੀਤੇ ਦਿਨੀਂ ਜਲੰਧਰ ਨਿਗਮ ਦੇ ਕਈ ਵੱਡੇ ਰਿਟਾਇਰਡ ਅਧਿਕਾਰੀਆਂ ਨੂੰ ਚੰਡੀਗੜ੍ਹ ਤਲਬ ਕੀਤਾ ਅਤੇ ਉਥੇ ਹੀ ਆਈ. ਜੀ. ਵਿਜੀਲੈਂਸ ਦੇ ਆਫਿਸ ਵਿਚ ਇਨ੍ਹਾਂ ਅਧਿਕਾਰੀਆਂ ਦੇ ਬਿਆਨ ਕਲਮਬੱਧ ਕੀਤੇ ਗਏ।
ਵਿਜੀਲੈਂਸ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਠੇਕੇਦਾਰ ਵਿਨੋਦ ਗੁਲਾਟੀ ਤੋਂ ਇਲਾਵਾ ਤਤਕਾਲੀ ਐੱਸ. ਈ. ਕੁਲਵਿੰਦਰ ਸਿੰਘ, ਤਤਕਾਲੀ ਐਕਸੀਅਨ ਗੁਰਚਰਨ ਸਿੰਘ ਅਤੇ ਕੁਲਦੀਪ ਸ਼ਰਮਾ, ਐੱਸ. ਡੀ. ਓ. ਭਾਰਤ ਭੂਸ਼ਨ ਅਤੇ ਜੇ. ਈ. ਭੱਲਾ ਨੂੰ ਚੰਡੀਗੜ੍ਹ ਬੁਲਾਇਆ ਗਿਆ ਸੀ, ਜਿਨ੍ਹਾਂ ਵਿਚੋਂ ਕਈ ਅਧਿਕਾਰੀ ਉਥੇ ਜਾ ਕੇ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਵਿਜੀਲੈਂਸ ਵਲੋਂ ਮੌਕੇ ’ਤੇ ਕੀਤੀ ਗਈ ਜਾਂਚ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਨੂੰ ਚੰਡੀਗੜ੍ਹ ਬੁਲਾਉਣਾ ਇਹ ਸੰਕੇਤ ਦੇ ਰਿਹਾ ਹੈ ਕਿ ਮਾਮਲੇ ਦੀ ਜਾਂਚ ਦਾ ਕੰਮ ਤੇਜ਼ੀ ਨਾਲ ਜਾਰੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਈ. ਜੀ. ਵਿਜੀਲੈਂਸ ਆਫਿਸ ਨੇ ਇਸ ਮਾਮਲੇ ਵਿਚ ਮੁੱਖ ਸ਼ਿਕਾਇਤਕਰਤਾ ਕੌਂਸਲਰ ਦੇਸਰਾਜ ਜੱਸਲ ਨੂੰ ਵੀ ਚੰਡੀਗੜ੍ਹ ਤਲਬ ਕੀਤਾ, ਜਿੱਥੇ ਉਨ੍ਹਾਂ ਦੇ ਬਿਆਨ ਲਏ ਗਏ ਸਨ। ਕੌਂਸਲਰ ਜੱਸਲ ਦਾ ਦਾਅਵਾ ਹੈ ਕਿ ਇਸ ਸੜਕ ’ਤੇ ਕੰਮ ਅਧੂਰਾ ਛੱਡ ਦਿੱਤਾ ਗਿਆ, ਜਦਕਿ ਇਸ ਦੀ ਪੂਰੀ ਪੇਮੈਂਟ ਠੇਕੇਦਾਰ ਨੂੰ ਕਰ ਦਿੱਤੀ ਗਈ, ਜਿਸ ਵਿਚ ਨਗਰ ਨਿਗਮ ਦੇ ਵੱਡੇ ਅਧਿਕਾਰੀ ਅਤੇ ਰਾਜਨੇਤਾ ਤੱਕ ਜ਼ਿੰਮੇਵਾਰ ਸਨ।