ਸ਼ਿਵ ਸੈਨਾ ਦੇ ਪ੍ਰਦੇਸ਼ ਪ੍ਰਧਾਨ ਸਮੇਤ ਕਈ ਸ਼ਿਵ ਸੈਨਿਕ ਸਰਹੱਦ ''ਤੇ ਗ੍ਰਿਫਤਾਰ

07/16/2017 1:27:56 PM


ਪਠਾਨਕੋਟ/ਮਾਧੋਪੁਰ(ਸ਼ਾਰਦਾ, ਜੱਗੀ, ਮਨਿੰਦਰ)-ਬੀਤੇ ਦਿਨੀਂ ਅਨੰਤਨਾਗ 'ਚ ਅਮਰਨਾਥ ਯਾਤਰੀਆਂ 'ਤੇ ਹੋਏ ਅੱਤਵਾਦੀ ਹਮਲੇ ਦੇ ਵਿਰੋਧ 'ਚ ਅੱਜ ਸ਼ਿਵ ਸੈਨਾ (ਬਾ. ਠਾ.) ਦੇ ਵਰਕਰਾਂ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੰਗਮ ਮਾਧੋਪੁਰ ਵਿਚ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਅੱਤਵਾਦੀ ਇਸਮਾਈਲ ਅਤੇ ਜੰਮੂ-ਕਸ਼ਮੀਰ ਸਰਕਾਰ ਦਾ ਪੁਤਲਾ ਸਾੜਿਆ। ਇਸ ਧਰਨੇ ਦੀ ਅਗਵਾਈ ਪ੍ਰਦੇਸ਼ ਪ੍ਰਧਾਨ ਯੋਗਰਾਜ ਸ਼ਰਮਾ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾ ਕੇ ਜੰਮੂ-ਕਸ਼ਮੀਰ ਰਾਜ ਵਿਚ ਦਾਖਲ ਹੋਣ ਦਾ ਯਤਨ ਕੀਤਾ ਪਰ ਉਥੇ ਤਾਇਨਾਤ ਜੰਮੂ-ਕਸ਼ਮੀਰ ਪੁਲਸ ਨੇ ਸ਼ਿਵ ਸੈਨਿਕਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਸ਼ਿਵ ਸੈਨਾ (ਬਾ.ਠਾ.) ਦੇ ਜੱਥੇ ਨੂੰ ਜੇ. ਐੱਡ ਕੇ. ਪੁਲਸ ਨੇ ਸਟੇਟ ਬਾਰਡਰ 'ਤੇ ਹੀ ਕਾਬੂ ਕਰ ਲਿਆ।
ਜੰਮੂ-ਕਸ਼ਮੀਰ ਜਾਣ ਨੂੰ ਅੜੇ ਸ਼ਿਵ ਸੈਨਾ ਦੇ ਪ੍ਰਧਾਨ ਯੋਗਰਾਜ ਨੇ ਕਿਹਾ ਕਿ ਸ਼ਿਵ ਸੈਨਾ ਹੁਣ ਹੋਰ ਅੱਤਵਾਦੀ ਹਮਲੇ ਬਰਦਾਸ਼ਤ ਨਹੀਂ ਕਰੇਗੀ। ਪਾਕਿਸਤਾਨ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਬਾਜ ਨਹੀਂ ਆ ਰਿਹਾ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਸਰਕਾਰ ਪਾਕਿਸਤਾਨ ਅਤੇ ਅੱਤਵਾਦੀ ਸੰਗਠਨ ਦੇ ਵਿਰੁੱਧ ਆਰ-ਪਾਰ ਦੀ ਲੜਾਈ ਲੜਨ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। 
ਇਸ ਮੌਕੇ ਸੰਜੀਵ ਭਾਸਕਰ, ਪੰਕਜ ਦੂਬੇ, ਪਵਨ ਸਰੀਨ, ਅਜੇ ਵਿਰਦੀ, ਰਮੇਸ਼ ਨਈਅਰ, ਸੋਰਭ ਦੂਬੇ, ਬੋਬੋ ਸੰਧੂ, ਧੰਮੀ ਸ਼ਰਮਾ, ਰੋਹਿਤ ਜੋਸ਼ੀ, ਮਿੰਕੂ ਚੌਧਰੀ, ਸਟੀਫਨ ਭੱਟੀ, ਰਜਿੰਦਰ ਸ਼ਰਮਾ, ਨੀਰਜ ਸ਼ਰਮਾ, ਪ੍ਰਿੰਸ, ਸੁਨੀਲ ਸ਼ੀਲਾ, ਓਮ ਪ੍ਰਕਾਸ਼ ਭਗਤ, ਜੁਗਿੰਦਰ ਪਾਲ ਜੱਗੀ, ਐਡਵੋਕੇਟ ਵਿਕਰਮ ਸ਼ਰਮਾ, ਨਿਸ਼ਾ ਠਾਕੁਰ, ਵਿੱਕੀ ਠਾਕੁਰ ਆਦਿ ਮੌਜੂਦ ਸਨ।


Related News