ਮਿਲਾਵਟੀ ਮਠਿਆਈਆਂ ਨਾਲ ਹੋ ਸਕਦੀਆਂ ਨੇ ਕਈ ਤਰ੍ਹਾਂ ਦੀਆਂ ਬੀਮਾਰੀਆਂ, ਲਿਵਰ ਤੇ ਹਾਰਟ ਨੂੰ ਵੀ ਖ਼ਤਰਾ
Thursday, Aug 29, 2024 - 05:06 AM (IST)
ਲੁਧਿਆਣਾ (ਸਹਿਗਲ) : ਤਿਉਹਾਰੀ ਸੀਜ਼ਨ ਦੀ ਆਹਟ ਨਾਲ ਜਿਵੇਂ-ਜਿਵੇਂ ਮਠਿਆਈਆਂ ਦੀ ਮੰਗ ਵਧਣ ਲੱਗੀ ਹੈ, ਮਿਲਾਵਟਖੋਰ ਵੀ ਸਰਗਰਮ ਹੋਣ ਲੱਗੇ ਹਨ ਅਤੇ ਨਕਲੀ ਖੋਆ ਅਤੇ ਪਨੀਰ ਦੇ ਬਾਜ਼ਾਰ ’ਚ ਆਉਣ ਦੀ ਸੰਭਵਾਨਾ ਵਧ ਗਈ ਹੈ। ਮਾਹਿਰ ਦੱਸਦੇ ਹਨ ਕਿ ਨਕਲੀ ਮਠਿਆਈ, ਜਿਸ ਵਿਚ ਡਿਟਰਜੈਂਟ, ਯੂਰੀਆ, ਰਿਫਾਈਂਡ ਆਇਲ, ਨਕਲੀ ਘਿਓ ਬਣਾਉਣ ਲਈ ਪਾਮ ਆਇਲ ਐਨੀਮਲ ਫੈਟ ਹਾਈਡ੍ਰੋਜੇਨੇਟਿਡ ਤੇਲ ਆਦਿ ਦੀ ਵਰਤੋਂ ਹੁੰਦੀ ਹੈ, ਜੋ ਕਈ ਬੀਮਾਰੀਆਂ ਪੈਦਾ ਕਰਨ ਦੇ ਸਮਰੱਥ ਹਨ। ਅਜਿਹੀਆਂ ਮਠਿਆਈਆਂ ਨਾਲ ਹਾਰਟ ਅਤੇ ਲਿਵਰ ਨੂੰ ਗੰਭੀਰ ਖ਼ਤਰੇ ਹੋ ਸਕਦੇ ਹਨ।
ਸਹਾਇਕ ਫੂਡ ਕਮਿਸ਼ਨਰ ਦੇ ਅਹੁਦੇ ਤੋਂ ਰਿਟਾਇਰ ਹੋਏ ਰਵਿੰਦਰ ਗਰਗ ਦੱਸਦੇ ਹਨ ਕਿ ਮਿਲਾਵਟੀ ਮਠਿਆਈ ਖਾਣ ਨਾਲ ਵਿਅਕਤੀ ਨੂੰ ਉਲਟੀਆਂ-ਦਸਤ, ਘਬਰਾਹਟ, ਪੇਟ ਦਰਦ ਜਾਂ ਸੋਜ, ਸਕਿਨ ਐਲਰਜੀ ਅਤੇ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ। ਇਸ ਤੋਂ ਇਲਾਵਾ ਕਈ ਮਾਮਲਿਆਂ ’ਚ ਸਾਹ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
ਕਿਵੇਂ ਕਰੀਏ ਮਠਿਆਈਆਂ ਦੀ ਜਾਂਚ
ਸਾਬਕਾ ਸਹਾਇਕ ਫੂਡ ਕਮਿਸ਼ਨਰ ਰਵਿੰਦਰ ਗਰਗ ਨੇ ਦੱਸਿਆ ਕਿ ਆਮ ਆਦਮੀ ਲਈ ਮਠਿਆਈਆਂ ਦੀ ਜਾਂਚ ਕਰਨੀ ਜ਼ਿਆਦਾ ਮੁਸ਼ਕਿਲ ਨਹੀਂ ਹੈ। ਗਹਿਰੇ ਰੰਗਾਂ ਵਾਲੀਆਂ ਮਠਿਆਈਆਂ ਜੋ ਛੂਹਣ ’ਤੇ ਰੰਗ ਛੱਡਣ, ਨਹੀਂ ਲੈਣੀਆਂ ਚਾਹੀਦੀਆਂ। ਇਨ੍ਹਾਂ ਵਿਚ ਕੱਚੇ ਰੰਗਾਂ ਦੀ ਵਰਤੋਂ ਹੁੰਦੀ ਹੈ, ਜੋ ਕੱਪੜੇ ਰੰਗਣ ਦੇ ਕੰਮ ਆਉਂਦੇ ਹਨ।
ਇਸੇ ਤਰ੍ਹਾਂ ਗੁਲਾਬੀ ਰੰਗ ਦੀ ਚਮਚਮ ਗਲਤ ਰੰਗਾਂ ਦੀ ਵਰਤੋਂ ਕਾਰਨ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ ਖੋਏ ਨੂੰ ਮਸਲਣ ’ਤੇ ਉਸ ਦੀ ਗੋਲੀ ਨਾ ਬਣੇ ਤਾਂ ਅਜਿਹੀ ਮਠਿਆਈ ਨਹੀਂ ਖਰੀਦਣੀ ਚਾਹੀਦੀ।
ਇਸੇ ਤਰ੍ਹਾਂ ਮਠਿਆਈਆਂ ’ਤੇ ਲੱਗੇ ਵਰਕ ਦੀ ਪਛਾਣ ਲਈ ਵਰਕ ਨੂੰ ਉਤਾਰ ਕੇ ਦੋ ਉਂਗਲਾਂ ਵਿਚ ਮਸਲਣ ’ਤੇ ਜੇਕਰ ਉਸ ਦੀ ਗੋਲੀ ਬਣ ਜਾਂਦੀ ਹੈ ਤਾਂ ਉਹ ਐਲੂਮੀਨੀਅਮ ਦਾ ਵਰਕ ਹੋ ਸਕਦਾ ਹੈ, ਜਦੋਂਕਿ ਚਾਂਦੀ ਦਾ ਵਰਕ ਮਸਲਣ ’ਤੇ ਉਸ ਦੀ ਗੋਲੀ ਨਹੀਂ ਬਣਦੀ। ਇਸ ਤੋਂ ਇਲਾਵਾ ਖੁਦ ਜਾਂਚ ਲਈ ਮਠਿਆਈ ਨੂੰ ਚੈੱਕ ਕਰ ਕੇ ਦੇਖਿਆ ਜਾ ਸਕਦਾ ਹੈ। ਉਸ ਵਿਚ ਦੁੱਧ ਦੀ ਖੁਸ਼ਬੂ ਆਵੇ ਨਾ ਕਿ ਵੈਜ਼ੀਟੇਬਲ ਆਇਲ ਦੀ।
ਇਸ ਤੋਂ ਇਲਾਵਾ ਖੋਏ ਨੂੰ ਤਲੀ ’ਤੇ ਰਗੜਨ ਨਾਲ ਉਸ ’ਚੋਂ ਘਿਓ ਨਿਕਲੇ ਤਾਂ ਅਸਲੀ ਮਠਿਆਈ ਜਾਨਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ੁੱਧ ਖੋਆ ਚੀਕਨਾ ਹੁੰਦਾ ਹੈ, ਜਦੋਂਕਿ ਨਕਲੀ ਦਾਣੇਦਾਰ ਜੇਕਰ ਮਠਿਆਈ ਸੁੱਕੀ ਹੈ ਜਾਂ ਕੜਕ ਹੈ ਤਾਂ ਨਾ ਖਰੀਦੋ। ਇਸ ਤੋਂ ਇਲਾਵਾ ਸ਼ੁੱਧਤਾ ਦੀ ਜਾਂਚ ਲਈ ਉਸ ਵਿਚ ਆਇਓਡੀਨ ਦੀਆਂ ਕੁਝ ਬੂੰਦਾਂ ਮਿਲਣ ’ਤੇ ਉਸ ਦਾ ਰੰਗ ਨੀਲਾ ਜਾਂ ਕਾਲਾ ਪੈ ਜਾਵੇ ਤਾਂ ਸਮਝੋ ਕਿ ਖੋਆ ਨਕਲੀ ਹੈ।
ਮਠਿਆਈਆਂ ਦਾ ਬਿੱਲ ਜ਼ਰੂਰ ਲਓ
ਸਾਬਕਾ ਸਹਾਇਕ ਫੂਡ ਕਮਿਸ਼ਨਰ ਨੇ ਦੱਸਿਆ ਕਿ ਮਠਿਆਈਆਂ ਦੀ ਖਰੀਦਦਾਰੀ ਮੌਕੇ ’ਤੇ ਦੁਕਾਨਦਾਰ ਤੋਂ ਬਿੱਲ ਜ਼ੂਰ ਲਓ ਅਤੇ ਉਸ ਨੂੰ ਬਿੱਲ ’ਤੇ ਦੇਖ ਲਓ ਕਿ ਐੱਫ. ਐੱਸ. ਐੱਸ. ਏ. ਆਈ. ਦਾ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ ਹੈ ਜਾਂ ਨਹੀਂ। ਇਸ ਤਰ੍ਹਾਂ ਪੈਕਡ ਮਠਿਆਈ ’ਤੇ ਵੀ ਐੱਫ. ਐੱਸ. ਐੱਸ. ਏ. ਆਈ. ਦੀ ਸਰਟੀਫਿਕੇਸ਼ਨ ਜ਼ਰੂਰ ਦੇਖ ਲਵੋ।
ਕਿਵੇਂ ਕਰੀਏ ਸ਼ਿਕਾਇਤ
ਮਠਿਆਈਆਂ ਦੀ ਕੁਆਲਿਟੀ ’ਤੇ ਸ਼ੱਕ ਹੋਣ ’ਤੇ ਦੁਕਾਨਦਾਰ ਦੇ ਨਾਂ ਅਤੇ ਐੱਫ. ਐੱਸ. ਐੱਸ. ਏ. ਆਈ. ਨੰਬਰ ਸਮੇਤ ਐੱਫ. ਐੱਸ. ਐੱਸ. ਏ. ਆਈ. ਦੇ ਪੋਰਟਲ ’ਤੇ ਜਾ ਕੇ ਸ਼ਿਕਾਇਤ ਕਰਨੀ ਚਾਹੀਦੀ ਹੈ ਅਤੇ ਉਸ ਦੀ ਇਕ ਕਾਪੀ ਫੂਡ ਕਮਿਸ਼ਨਰ ਨੂੰ ਭੇਜਣ ਦੇ ਨਾਲ ਨਾਲ ਉਸ ਦੀ ਕਾਪੀ ਸਿਵਲ ਸਰਜਨ ਜਾਂ ਜ਼ਿਲ੍ਹਾ ਸਿਹਤ ਅਧਿਕਾਰੀ ਨੂੰ ਕਾਰਵਾਈ ਲਈ ਦਿਓ, ਜਿਸ ’ਤੇ ਸਿਹਤ ਵਿਭਾਗ ਦੇ ਫੂਡ ਵਿੰਗ ਬ੍ਰਾਂਚ ਦੀ ਟੀਮ ਜਿਸ ਵਿਚ ਫੂਡ ਸੇਫਟੀ ਅਫਸਰ ਸ਼ਾਮਲ ਹੋਣਗੇ। ਉਕਤ ਦੁਕਾਨ ’ਤੇ ਜਾ ਕੇ ਮਠਿਆਈਆਂ ਦੀ ਸੈਂਪਲਿੰਗ ਕਰੇਗੀ ਅਤੇ ਲਏ ਗਏ ਸੈਂਪਲ ਨੂੰ ਜਾਂਚ ਲਈ ਭੇਜਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8