ਮਾਨਸਾ ਜ਼ਿਲ੍ਹੇ ''ਚ ਕੋਰੋਨਾ ਨਾਲ 5ਵੀਂ ਮੌਤ, 19 ਨਵੇਂ ਮਰੀਜ਼ਾਂ ਦੀ ਪੁਸ਼ਟੀ

Sunday, Aug 23, 2020 - 01:23 AM (IST)

ਮਾਨਸਾ,(ਸੰਦੀਪ ਮਿੱਤਲ)- ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਕੋਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਪੰਜਾਬ ਸਰਕਾਰ ਨੇ ਸਖ਼ਤ ਕਦਮ ਚੁੱਕਦਿਆਂ ਵੀਕੈਂਡ ਤਾਲਾਬੰਦੀ ਅਤੇ ਰਾਤ ਸਮੇਂ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਉਥੇ ਹੀ ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਹੋਈ ਪੰਜਵੀਂ ਮੌਤ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਕੋਰੋਨਾ ਦੇ 19 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਜਾਣਕਾਰੀ ਮੁਤਾਬਕ ਸਥਾਨਕ ਸ਼ਹਿਰ ਨਾਲ ਸਬੰਧਿਤ ਇਕ ਟੈਕਸ ਸਲਾਹਕਾਰ ਵਕੀਲ ਜੋ ਕੁੱਝ ਦਿਨ ਪਹਿਲਾਂ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਕਿਸੇ ਹੋਰ ਬਿਮਾਰੀ ਨਾਲ ਸਬੰਧਿਤ ਦਾਖਲ ਸਨ। ਬਾਅਦ ਵਿਚ ਉਨ੍ਹਾਂ ਦਾ ਟੈਸਟ ਕੋਰੋਨਾ ਪਾਜ਼ੇਟਿਵ ਵੀ ਪਾਇਆ ਗਿਆ ਸੀ ਅਤੇ ਉਨ੍ਹਾਂ ਦੀ ਮੌਤ ਹੋ ਜਾਣ 'ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ 4 ਕੋਰੋਨਾ ਪਾਜ਼ੇਟਿਵ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿਵਲ ਸਰਜਨ ਡਾ. ਗੁਰਵਿੰਦਰਵੀਰ ਸਿੰਘ ਅਤੇ ਕੋਰੋਨਾ ਸੈਂਪਲਿੰਗ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ 'ਚ ਅੱਜ 19 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਕਰੀਬ 23,341 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚ 391 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ 'ਚੋਂ 229 ਮਰੀਜ਼ਾਂ ਨੂੰ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ। 5 ਮਰੀਜਾਂ ਦੀ ਮੌਤ ਹੋਣ ਉਪਰੰਤ ਹੁਣ ਕੁੱਲ 157 ਕੋਰੋਨਾ ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।

ਕੋਵਿਡ-19 ਸੈਂਪਲਿੰਗ ਲਗਾਤਾਰ ਜਾਰੀ
ਮਾਨਸਾ ਜ਼ਿਲ੍ਹੇ ਵਿੱਚ ਪੂਰਾ ਸਿਹਤ ਅਮਲਾ ਸਮੂਹਿਕ ਗਤੀਵਿਧੀਆਂ ਕਰ ਰਿਹਾ ਹੈ। ਜਿੱਥੇ ਸਮੂਚਾ ਪੈਰਾਮੈਡੀਕਲ ਸਟਾਫ ਮਰੀਜ਼ਾਂ ਦੀ ਸ਼ਨਾਖਤ, ਇਕਾਂਤਵਾਸ, ਜਾਗਰੂਕਤਾ ਅਤੇ ਸ਼ੱਕੀ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕਰਨ ਦਾ ਕੰਮ ਕਰ ਰਿਹਾ ਹੈ। ਉਥੇ ਹੀ ਡਾਕਟਰ ਰਣਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਜ਼ਿਲ੍ਹਾ ਸੈਂਪਲਿੰਗ ਟੀਮ ਤੋਂ ਇਲਾਵਾ ਬਲਾਕ ਪੱਧਰੀ ਡਾਕਟਰ, ਲੈਬੋਰੇਟਰੀ ਟੈਕਨੀਸ਼ੀਅਨ, ਸੀ. ਐਚ. ਓ., ਫਾਰਮੇਸੀ ਅਫਸਰ ਅਤੇ ਦਰਜਾ ਚਾਰ ਦੀਆਂ ਬਣੀਆਂ ਟੀਮਾਂ ਲਗਾਤਾਰ ਵੱਧ ਤੋਂ ਵੱਧ ਨਮੂਨੇ ਇਕੱਠੇ ਕਰ ਕੇ ਟੈਸਟਿੰਗ ਲਈ ਭੇਜ ਰਹੀਆਂ ਹਨ।


 


Deepak Kumar

Content Editor

Related News