ਡਾ. ਓਬਰਾਏ ਦੇ ਯਤਨਾਂ ਨਾਲ ਹਿਮਾਚਲ ਦੇ ਨੌਜਵਾਨ ਦੀ ਮ੍ਰਿਤਕ ਦੇਹ ਵਤਨ ਪੁੱਜੀ

12/09/2019 2:54:55 PM

ਰਾਜਾਸਾਂਸੀ (ਨਿਰਵੈਲ) : ਰੋਜ਼ੀ-ਰੋਟੀ ਕਮਾਉਣ ਤੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਸ਼ਾਰਜਾਹ (ਯੂ. ਏ. ਈ.) ਗਏ 23 ਸਾਲਾ ਮਨੋਜ ਕੁਮਾਰ ਪੁੱਤਰ ਜੈ ਸਿੰਘ ਦੀ ਮ੍ਰਿਤਕ ਦੇਹ ਰਾਜਾਸਾਂਸੀ ਵਿਖੇ ਪੁੱਜੀ। ਦੱਸ ਦਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮ੍ਰਿਤਕ ਦੇਹ ਰਾਜਾਸਾਂਸੀ ਵਿਖੇ ਪੁੱਜੀ।

ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਾਂਗੜਾ ਦੇ ਪਿੰਡ ਬਠਰਾ ਨਾਲ ਸਬੰਧਤ ਮ੍ਰਿਤਕ ਮਨੋਜ ਕੁਮਾਰ 8 ਮਹੀਨੇ ਪਹਿਲਾਂ ਸ਼ਾਰਜਾਹ ਗਿਆ ਸੀ। ਬੀਤੀ 1 ਨਵੰਬਰ ਨੂੰ ਜਦ ਉਹ ਕਿਸੇ ਕੰਮ ਦੀ ਭਾਲ 'ਚ ਨਿਕਲਿਆ ਤਾਂ ਕੁਝ ਅਣਪਛਾਤੇ ਲੋਕਾਂ ਨੇ ਉਸ ਦੀ ਕੁੱਟ-ਮਾਰ ਕੀਤੀ। ਉਸ ਦੀਆਂ ਲੱਤਾਂ ਅਤੇ ਪਸਲੀਆਂ ਟੁੱਟ ਗਈਆਂ ਸਨ ਅਤੇ ਕਿਡਨੀ ਵੀ ਪ੍ਰਭਾਵਿਤ ਹੋਈ ਸੀ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮਨੋਜ ਕੁਮਾਰ 10 ਨਵੰਬਰ ਨੂੰ ਹਸਪਤਾਲ 'ਚ ਦਮ ਤੋੜ ਗਿਆ। ਜ਼ਿਕਰਯੋਗ ਹੈ ਕਿ ਜਦ ਪਰਿਵਾਰ ਨੂੰ ਮਨੋਜ ਕੁਮਾਰ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਦਾ ਪਿਤਾ ਜੈ ਸਿੰਘ ਅਤੇ ਦੋਸਤ ਸੁਨੀਲ ਕੁਮਾਰ ਉਸ ਦੀ ਮ੍ਰਿਤਕ ਦੇਹ ਲੈਣ ਸ਼ਾਰਜਾਹ ਪਹੁੰਚੇ ਸਨ ਪਰ ਲੰਮੀ ਜੱਦੋ-ਜਹਿਦ ਦੇ ਬਾਵਜੂਦ ਜਦ ਉਹ ਮ੍ਰਿਤਕ ਦੇਹ ਪ੍ਰਾਪਤ ਕਰਨ 'ਚ ਅਸਮਰੱਥ ਰਹੇ ਤਾਂ ਉਨ੍ਹਾਂ ਨੂੰ ਕਿਸੇ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਬਾਰੇ ਦੱਸਿਆ ਤਾਂ ਉਨ੍ਹਾਂ ਡਾ. ਓਬਰਾਏ ਨੂੰ ਆਪਣੀ ਬੇਵਸੀ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ।

ਡਾ. ਓਬਰਾਏ ਨੇ ਮ੍ਰਿਤਕ ਦੇਹ ਜਲਦ ਭੇਜਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਪਹਿਲਾਂ ਹੀ ਵਾਪਸ ਭਾਰਤ ਭੇਜ ਦਿੱਤਾ ਸੀ, ਜਦਕਿ ਉਨ੍ਹਾਂ ਦੀ ਟੀਮ ਨੇ ਸ਼ਾਰਜਾਹ 'ਚ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਵਤਨ ਭੇਜਿਆ।


Anuradha

Content Editor

Related News