ਮਾਨ ਸਰਕਾਰ ਦਾ ਵੱਡਾ ਤੋਹਫ਼ਾ, 283 ਨਾਗਰਿਕ ਸੇਵਾਵਾਂ ਦੇ ਮਿਲਣਗੇ ਡਿਜੀਟਲ ਦਸਤਖ਼ਤ ਸਰਟੀਫਿਕੇਟ

09/01/2022 3:33:13 PM

ਚੰਡੀਗੜ੍ਹ (ਵਿੱਕੀ, ਰਮਨਜੀਤ) : ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਵੱਡਾ ਫ਼ੈਸਲਾ ਲੈਂਦਿਆਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ 283 ਸੇਵਾਵਾਂ ਦੇ ਸਰਟੀਫਿਕੇਟ ਡਿਜੀਟਲ ਦਸਤਖ਼ਤਾਂ ਨਾਲ ਬਿਨੈਕਾਰ ਨੂੰ ਘਰ ਬੈਠਿਆਂ ਹੀ ਵਟਸਐਪ ਜਾਂ ਈਮੇਲ ਰਾਹੀਂ ਪਹੁੰਚਾਏ ਜਾਣਗੇ। ਇਹ ਜਾਣਕਾਰੀ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। 283 ਸੇਵਾਵਾਂ ਦੀ ਡਿਲਵਿਰੀ ਡਿਜੀਟਲ ਕਰਦਿਆਂ ਇਸ ਸਬੰਧੀ ਵਿਭਾਗ ਵੱਲੋਂ ਬਾਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਾਤੜਾਂ 'ਚ ਸਕੂਲ 'ਚ ਪੜ੍ਹਦੀ ਕੁੜੀ ਨਾਲ ਦਰਿੰਦਗੀ, ਦਰਿੰਦਿਆਂ ਨੇ ਚੱਲਦੀ ਕਾਰ 'ਚ ਲੁੱਟੀ ਇੱਜ਼ਤ

ਇਨ੍ਹਾਂ ਸੇਵਾਵਾਂ 'ਚ ਜਾਤੀ ਸਰਟੀਫਿਕੇਟ, ਜਨਮ ਤੇ ਮੌਤ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਵਿਆਹ ਸਰਟੀਫਿਕੇਟ, ਅਸਲਾ ਰੀਨਿਊ ਕਰਨਾ, ਜਨਰਲ ਜਾਤੀ ਸਰਟੀਫਿਕੇਟ, ਭਾਰ ਮੁਕਤ ਸਰਟੀਫਿਕੇਟ, ਪਿਛੜਾ ਖੇਤਰ ਸਰਟੀਫਿਕੇਟ ਆਦਿ ਪ੍ਰਮੁੱਖ ਹਨ, ਜਿਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਲੋਕਾਂ ਨੂੰ ਸਭ ਤੋਂ ਵੱਧ ਲੋੜ ਪੈਂਦੀ ਹੈ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਇਕੋ ਸਰਟੀਫਿਕੇਟ ਦੀ ਦੁਬਾਰਾ ਲੋੜ ਪੈਣ 'ਤੇ ਵਾਰ-ਵਾਰ ਗੇੜੇ ਲਗਾਉਣੇ ਪੈਂਦੇ ਸਨ ਜਿਵੇਂ ਕਿ ਕਿਸੇ ਵਿਦਿਆਰਥੀ ਨੂੰ ਦਾਖ਼ਲੇ ਲਈ ਜਨਮ ਜਾਂ ਜਾਤੀ ਸਰਟੀਫਿਕੇਟ ਹਾਸਲ ਕਰਨਾ। ਹਰ ਵਾਰ ਸੇਵਾ ਕੇਂਦਰ ਜਾ ਕੇ ਹੌਲੋਗਰਾਮ ਨਾਲ ਦਸਤਖ਼ਤ ਕਰਵਾ ਕੇ ਸਰਟੀਫਿਕੇਟ ਹਾਸਲ ਕਰਨਾ ਪੈਂਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਕਰਨ ਲਈ ਦਿੱਤੇ ਨਿਰਦੇਸ਼ਾਂ ਤਹਿਤ ਹੁਣ ਇਨ੍ਹਾਂ 283 ਸੇਵਾਵਾਂ ਵਾਲੇ ਸਰਟੀਫਿਕੇਟ ਲਈ ਇਕ ਵਾਰ ਅਪਲਾਈ ਕਰਨ ਤੋਂ ਬਾਅਦ ਬਿਨੈਕਾਰ ਨੂੰ ਵਟਸਐਪ ਜਾਂ ਈਮੇਲ ਰਾਹੀਂ ਘਰ ਬੈਠਿਆਂ ਡਿਜੀਟਲ ਦਸਤਖ਼ਤਾਂ ਵਾਲਾ ਸਰਟੀਫਿਕੇਟ ਮਿਲ ਜਾਵੇਗਾ ਅਤੇ ਉਹ ਇਸ ਦੀਆਂ ਆਪਣੀ ਲੋੜ ਅਨੁਸਾਰ ਕਾਪੀਆਂ ਪ੍ਰਿੰਟ ਕਰਵਾ ਸਕਦਾ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਦੋਰਾਹਾ 'ਚ ਨਿਹੰਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਨ ਨਾਲ ਭਿੱਜੀ ਮਿਲੀ ਲਾਸ਼

ਇਸ ਸਰਟੀਫਿਕੇਟ ਦੀ ਵੈਧ ਹੋਣ ਬਾਰੇ ਪ੍ਰਸ਼ਾਸਕੀ ਸੁਧਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 93 ਸੇਵਾਵਾਂ ਘਰ ਬੈਠਿਆਂ ਹੀ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ ਹਨ, ਜਿਸ ਲਈ ਸੇਵਾ ਕੇਂਦਰ ਆਉਣ ਦੀ ਵੀ ਲੋੜ ਨਹੀਂ। ਪ੍ਰਸ਼ਾਸਕੀ ਸੁਧਾਰ ਮੰਤਰੀ ਨੇ ਸੇਵਾ ਕੇਂਦਰਾਂ ਵਿੱਚ ਪੈਂਡਿੰਗ ਕੇਸਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹਾ ਵਾਰ ਮੁਲਾਂਕਣ ਕੀਤਾ ਅਤੇ ਇਨ੍ਹਾਂ ਨੂੰ ਤੁਰੰਤ ਖ਼ਤਮ ਕਰਨ ਲਈ ਆਖਿਆ। ਉਨ੍ਹਾਂ ਨਾਲ ਹੀ ਵਿਭਾਗ ਨੂੰ ਆਖਿਆ ਕਿ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੇਵਾਂ ਕੇਂਦਰਾਂ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਲੋਕਾਂ ਦੀ ਫੀਡਬੈਕ ਹਾਸਲ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਡਿਜੀਟਲ ਦਸਤਖ਼ਤ ਵਾਲੀਆਂ 293 ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਕੀਤਾ ਜਾਵੇ। ਮੀਟਿੰਗ ਵਿੱਚ ਪ੍ਰਸ਼ਾਸਕੀ ਸੁਧਾਰ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਡਾਇਰੈਕਟਰ ਗਿਰਿਸ਼ ਦਿਆਲਨ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News