ਕੋਰੋਨਾ ਵਾਇਰਸ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਕੀਤੀ ਇਹ ਅਪੀਲ
Thursday, Mar 19, 2020 - 10:25 AM (IST)
ਜਲੰਧਰ/ਨਵੀਂ ਦਿੱਲੀ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਯੂ. ਪੀ. ਸਰਕਾਰ ਦੀ ਤਰਜ਼ 'ਤੇ ਦਿੱਲੀ ਸਰਕਾਰ ਵੀ ਦਿੱਲੀ 'ਚ ਰਹਿੰਦੇ ਕਮਜ਼ੋਰ ਵਰਗਾਂ ਦੀ ਆਰਥਿਕ ਮਦਦ ਕਰੇ ਤਾਂ ਜੋ ਉਹ ਕੋਰੋਨਾ ਵਾਇਰਸ ਕਾਰਨ ਉਪਜੇ ਸੰਕਟ ਦਾ ਸਾਹਮਣਾ ਕਰ ਸਕਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਬਹੁਤ ਵੱਡੀ ਗਿਣਤੀ 'ਚ ਲੋਕ ਬੇਰੋਜ਼ਗਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਟੈਕਸੀ ਚਾਲਕ ਅਤੇ ਆਟੋ ਚਾਲਕ ਇਸ ਮਹਾਮਾਰੀ ਦੇ ਡਰ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਲੋਕਾਂ ਦੇ ਬਾਹਰ ਨਾ ਨਿਕਲਣ ਕਾਰਨ ਉਨ੍ਹਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਅਜਿਹੇ ਸੰਕਟ 'ਚ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਅਤੇ ਇਨ੍ਹਾਂ ਲੋਕਾਂ ਲਈ ਇਹ ਬਹੁਤ ਵੱਡੇ ਸੰਕਟ ਦੀ ਘੜੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਯੂ. ਪੀ. ਸਰਕਾਰ ਦੇ ਫੈਸਲੇ ਵਾਂਗ ਹੀ ਇਨ੍ਹਾਂ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੇ ਖਾਤੇ 'ਚ ਪੈਸੇ ਪਾਉਣੇ ਚਾਹੀਦੇ ਹਨ ਤਾਂ ਜੋ ਇਹ ਦੋ ਵਕਤ ਦੀ ਰੋਟੀ ਤੋਂ ਮੁਥਾਜ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਹ ਹੁਕਮ ਤਾਂ ਸੁਣਾ ਦਿੱਤਾ ਕਿ 50 ਤੋਂ ਵੱਧ ਵਿਅਕਤੀ ਕਿਸੇ ਥਾਂ ਇਕੱਠੇ ਨਹੀਂ ਹੋ ਸਕਦੇ ਪਰ ਇਨ੍ਹਾਂ ਆਟੋ ਚਾਲਕਾਂ ਜਾਂ ਟੈਕਸੀ ਚਾਲਕਾਂ ਜਾਂ ਹੋਰ ਕਮਜ਼ੋਰ ਵਰਗਾਂ ਦੇ ਰੋਜ਼ਗਾਰ ਬਾਰੇ ਚੁੱਪੀ ਧਾਰ ਲਈ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਿੱਖ ਕੌਮ ਨੂੰ ਹੁਕਮ ਦਿੱਤਾ ਹੈ ਕਿ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦਿੱਲੀ 'ਚ ਹੋਈ ਹਿੰਸਾ ਦੌਰਾਨ ਸਿੱਖਾਂ ਨੇ ਮਦਦ ਕੀਤੀ ਅਤੇ ਹੁਣ ਵੀ ਗੁਰੂ ਦੇ ਸਿੱਖ ਇਸ ਸੰਕਟ 'ਚ ਮਦਦਗਾਰ ਵਜੋਂ ਆਪਣੀ ਬਣਦੀ ਭੂਮਿਕਾ ਅਦਾ ਕਰਨਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੇ ਸਮੇਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਤੇ ਬੀਮਾਰੀ ਤੋਂ ਬਚਾਅ ਦੇ ਉਪਾਅ ਦੱਸੇ ਜਾਣ, ਵੱਧ ਭੀੜ ਵਾਲੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਤੋਂ ਗੁਰੇਜ਼ ਕੀਤਾ ਜਾਵੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕਮੇਟੀ ਨੇ ਗੁਰਧਾਮਾਂ ਵਿਚ ਪਹਿਲਾਂ ਹੀ ਅਹਿਤਿਆਤ ਵਜੋਂ ਕਦਮ ਚੁੱਕੇ ਹਨ ਤੇ ਗੁਰਧਾਮਾਂ ਵਿਚ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਹੱਥ ਸੈਨੇਟਾਈਜ਼ਰ ਨਾਲ ਸ਼ੁੱਧ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਂਦੇ ਉਹੀ ਸੈਲਾਨੀ ਦਰਸ਼ਨ ਕਰ ਰਹੇ ਹਨ, ਜੋ 14 ਦਿਨਾਂ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਠਹਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਇਸ ਮਹਾਮਾਰੀ ਦੇ ਸੰਕਟ ਦੇ ਸਮੇਂ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਵਾਸਤੇ ਤਿਆਰ ਬਰ ਤਿਆਰ ਹੈ ਤਾਂ ਜੋ ਦੇਸ਼ ਦੇ ਨਾਗਰਿਕਾਂ ਖਾਸ ਤੌਰ 'ਤੇ ਦਿੱਲੀ ਵਾਸੀਆਂ ਨੂੰ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ।