ਜਗਜੀਤ ਕੌਰ ਨੂੰ ਅਗਵਾਕਾਰਾਂ ਹਵਾਲੇ ਕੀਤਾ ਤਾਂ ਸਿੱਖ ਪਾਕਿ ਸਰਕਾਰ ਖਿਲਾਫ ਸੜਕਾਂ ''ਤੇ ਉਤਰਨਗੇ : ਸਿਰਸਾ

Friday, Jan 24, 2020 - 05:33 PM (IST)

ਜਗਜੀਤ ਕੌਰ ਨੂੰ ਅਗਵਾਕਾਰਾਂ ਹਵਾਲੇ ਕੀਤਾ ਤਾਂ ਸਿੱਖ ਪਾਕਿ ਸਰਕਾਰ ਖਿਲਾਫ ਸੜਕਾਂ ''ਤੇ ਉਤਰਨਗੇ : ਸਿਰਸਾ

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਦੇ ਦਬਾਅ ਕਾਰਣ ਜੇਕਰ ਦੋ ਮਹੀਨੇ ਪਹਿਲਾਂ ਅਗਵਾ ਕੀਤੀ ਗਈ ਲੜਕੀ ਜਗਜੀਤ ਕੌਰ ਨੂੰ ਅਦਾਲਤ ਨੇ ਉਸ ਦੇ ਅਗਵਾਕਾਰਾਂ ਦੇ ਹਵਾਲੇ ਕੀਤਾ ਤਾਂ ਫਿਰ ਦੁਨੀਆ ਭਰ ਦੇ ਲੋਕ ਪਾਕਿਸਤਾਨ ਸਰਕਾਰ ਦੇ ਖਿਲਾਫ ਸੜਕਾਂ 'ਤੇ ਉਤਰਨਗੇ ਅਤੇ ਸਰਕਾਰ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਦੱਸਿਆ ਕਿ ਜਗਜੀਤ ਕੌਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਕੱਟੜਵਾਦੀਆਂ ਅਤੇ ਪਾਕਿਸਤਾਨ ਸਰਕਾਰ ਦੇ ਦਬਾਅ ਕਾਰਣ ਅਦਾਲਤ ਨੇ ਮਾਮਲੇ ਦੀ ਸੁਣਵਾਈ ਕੱਲ 'ਤੇ ਪਾ ਦਿੱਤੀ। ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਪੁਲਸ ਨੇ ਜਗਜੀਤ ਕੌਰ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਉਸ ਨਾਲ ਮਿਲਣ ਨਹੀਂ ਦਿੱਤਾ ਜਦਕਿ ਉਸ ਨੂੰ ਅਗਵਾ ਕਰ ਕੇ ਧਰਮ ਬਦਲ ਕੇ ਨਿਕਾਹ ਕਰਨ ਵਾਲੇ ਦੇ ਪਰਿਵਾਰ ਨੇ ਉਸ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਕਿਹਾ ਕਿ ਜਦੋਂ ਇਹ ਪ੍ਰਭਾਵ ਬਣਿਆ ਹੋਇਆ ਸੀ ਕਿ ਲੜਕੀ ਦੋ ਮਹੀਨੇ ਮਗਰੋਂ ਪਰਿਵਾਰ ਹਵਾਲੇ ਕੀਤੀ ਜਾਵੇਗੀ, ਉਦੋਂ ਸਰਕਾਰ ਦੇ ਦਬਾਅ ਕਾਰਣ ਅਜਿਹਾ ਮਾਹੌਲ ਬਣ ਗਿਆ ਹੈ ਕਿ ਲੜਕੀ ਅਗਵਾਕਾਰਾਂ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਸਾਰੀ ਦੁਨੀਆ ਦੇ ਸਿੱਖ ਇਸ ਦਾ ਵਿਰੋਧ ਕਰਨਗੇ ਅਤੇ ਇਥੇ ਦਿੱਲੀ ਵਿਚ ਵੀ ਪਾਕਿਸਤਾਨ ਹਾਈ ਕਮਿਸ਼ਨ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਸਾਰੀ ਦੁਨੀਆ ਦੇ ਸਿੱਖ ਸੜਕਾਂ 'ਤੇ ਉਤਰ ਆਉਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਸ਼੍ਰੀ ਜੈਸ਼ੰਕਰ ਨੂੰ ਵੀ ਪੱਤਰ ਲਿਖ ਕੇ ਮਾਮਲੇ ਵਿਚ ਤੁਰੰਤ ਦਖਲ ਦੀ ਮੰਗ ਕੀਤੀ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਕ ਹੋਰ ਮਸਲਾ ਘੱਟ ਗਿਣਤੀਆਂ 'ਤੇ ਤਸ਼ੱਦਦ ਦਾ ਹੈ, ਜਿਸ ਦੇ ਵਿਚ ਪਾਕਿਸਤਾਨ ਦੇ ਪ੍ਰਸਿੱਧ ਸਿੱਖ ਨੇਤਾ ਰਾਦੇਸ਼ ਸਿੰਘ ਟੋਨੀ ਨੂੰ ਸਰਕਾਰੀ ਜਬਰ ਤੇ ਕੱਟੜਵਾਦੀਆਂ ਦੀਆਂ ਧਮਕੀਆਂ ਤੇ ਤਸ਼ੱਦਦ ਕਾਰਣ ਪਾਕਿਸਤਾਨ ਛੱਡਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਸ ਨੂੰ ਭਾਰਤ ਵਿਚ ਸ਼ਰਨ ਦੇ ਕੇ ਨਾਗਰਿਕਤਾ ਦਿੱਤੀ ਜਾਵੇ ਅਤੇ ਅਪੀਲ ਵੀ ਕਰਦੇ ਹਾਂ ਕਿ ਉਹ ਭਾਰਤ ਆਵੇ, ਅਸੀਂ ਉਸ ਦੀ ਨਾਗਰਿਕਤਾ ਯਕੀਨੀ ਬਣਾਵਾਂਗੇ।


author

Anuradha

Content Editor

Related News