ਸਿਰਸਾ ਵਲੋਂ ਗ੍ਰਹਿ ਮੰਤਰੀ ਨੂੰ ਅਪੀਲ, ਪਾਕਿ ਤੋਂ ਆਏ ਪਰਿਵਾਰਾਂ ਨੂੰ ਦਿੱਤੀ ਜਾਵੇ ਨਾਗਰਿਕਤਾ

Tuesday, Feb 04, 2020 - 08:14 PM (IST)

ਜਲੰਧਰ/ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਜੋ ਪਰਿਵਾਰ ਪਾਕਿਸਤਾਨ ਤੋਂ ਟੂਰਿਸਟ ਵੀਜ਼ਾ 'ਤੇ ਇਥੇ ਆਏ ਹਨ ਅਤੇ ਭਾਰਤ ਵਸਣਾ ਚਾਹੁੰਦੇ ਹਨ, ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਵਾਸਤੇ ਪੁੱਜੇ 4 ਪਰਿਵਾਰਾਂ ਨੂੰ ਖੁਦ ਵਾਹਗਾ ਸਰਹੱਦ 'ਤੇ ਜੀ ਆਇਆਂ ਆਖਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਪਰਿਵਾਰਾਂ ਤੋਂ ਇਲਾਵਾ 21 ਹੋਰ ਪਰਿਵਾਰ ਆਪਣੀ ਜਾਨ ਨੂੰ ਖਤਰੇ 'ਚ ਵੇਖਦਿਆਂ ਭਾਰਤ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀਆਂ ਛੋਟੀਆਂ ਧੀਆਂ ਹਨ ਤੇ ਇਹਨਾਂ ਨੂੰ ਡਰ ਹੈ ਕਿ ਜਦੋਂ ਇਹ 13 ਸਾਲ ਦੀਆਂ ਹੋ ਜਾਣਗੀਆਂ ਤਾਂ ਕਿਸੇ ਵੇਲੇ ਵੀ ਉਨ੍ਹਾਂ ਨੂੰ ਅਗਵਾ ਕਰ ਕੇ, ਧਰਮ ਪਰਿਵਰਤਨ ਕਰ ਕੇ ਤੇ ਮੁਸਲਿਮ ਲੜਕਿਆਂ ਨਾਲ ਨਿਕਾਹ ਕਰਵਾ ਦਿੱਤਾ ਜਾਵੇਗਾ। ਜਿਵੇਂ ਕਿ ਮਹਿਕ ਕੁਮਾਰੀ ਤੇ ਹਜ਼ਾਰਾਂ ਹੋਰ ਲੜਕੀਆਂ ਨਾਲ ਕੀਤਾ ਗਿਆ ਹੈ।

ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹਜ਼ਾਰਾਂ ਮਾਸੂਮ ਲੜਕੀਆਂ ਅੱਜ ਤੱਕ ਅਗਵਾ ਕੀਤੀਆਂ ਗਈਆਂ, ਧਰਮ ਪਰਿਵਰਤਨ ਕੀਤੇ ਗਏ ਤੇ ਮੁਸਲਮਾਨਾਂ ਨੂੰ ਨਿਕਾਹ ਕਰਵਾ ਦਿੱਤੇ ਗਏ, ਜਿਨ੍ਹਾਂ ਬਾਰੇ ਅੱਜ ਤੱਕ ਕੋਈ ਰਿਪੋਰਟ ਨਹੀਂ ਹੈ। ਇਹ ਨਹੀਂ ਪਤਾ ਕਿ ਇਹ ਜਿਉਂਦੀਆਂ ਵੀ ਹਨ ਜਾਂ ਮਰ ਗਈਆਂ ਜਾਂ ਇਨ੍ਹਾਂ 'ਚੋਂ ਕਿੰਨੀਆਂ ਬਚ ਗਈਆਂ? ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਧਾਰਮਿਕ ਜ਼ੁਰਮ ਨਾਲ ਸਬੰਧਤ ਕਾਨੂੰਨ ਤੇ ਹੋਰ ਕਾਨੂੰਨਾਂ ਦੀ ਦੁਰਵਰਤੋਂ 'ਤੇ ਹਿੰਦੂ ਤੇ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਪੁਲਸ ਤੇ ਗੁੰਡਾ ਅਨਸਰਾਂ ਵੱਲੋਂ ਉਨ੍ਹਾਂ ਨੂੰ ਜ਼ਲੀਲ ਕਰ ਗਾਲੀ-ਗਲੋਚ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਛੱਡਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਜੋ ਕਿ ਬਾਅਦ 'ਚ ਅਗਵਾਕਾਰਾਂ ਵੱਲੋਂ ਹੜੱਪ ਕਰ ਲਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਇਹਨਾਂ ਪਰਿਵਾਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਕਿਉਂਕਿ ਇਹ ਉਸ ਮੁਲਕ 'ਚ ਘੱਟ ਗਿਣਤੀ ਹਨ।

ਸਿਰਸਾ ਨੇ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਜਦੋਂ ਦੇਸ਼ ਨੇ ਨਾਗਰਿਕਤਾ ਸੋਧ ਐਕਟ ਬਣਾਇਆ ਹੈ, ਜਿਸ ਰਾਹੀਂ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਪਰਵਾਸੀਆਂ ਨੂੰ ਨਾਗਰਿਕਤਾ ਦੇਣੀ ਹੈ, ਤਾਂ ਜੋ ਮੌਜੂਦਾ ਸਮੇਂ ਵਿਚ ਦੇਸ਼ ਵਿਚ ਆ ਰਹੇ ਇਹਨਾਂ ਪਰਿਵਾਰਾਂ ਨੂੰ ਨਾਗਰਿਕਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਨਿਯਮਾਂ ਵਿਚ ਹੋਰ ਸੋਧ ਕਰਨੀ ਚਾਹੀਦੀ ਹੈ ਤੇ ਸਮਾਂ ਹੱਦ ਖਤਮ ਕਰ ਦੇਣੀ ਚਾਹੀਦੀ ਹੈ ਤੇ ਜਦੋਂ ਵੀ ਇਹ ਪਰਿਵਾਰ ਆਪਣਾ ਭਵਿੱਖ ਬਚਾਉਣ ਲਈ ਭਾਰਤ ਆਉਣਾ ਚਾਹੁਣ ਤਾਂ ਇਨ੍ਹਾਂ ਨੂੰ ਕਿਸੇ ਵੇਲੇ ਵੀ ਆਉਣ ਤੇ ਨਾਗਰਿਕਤਾ ਹਾਸਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸਿਰਸਾ ਨੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਪਾਕਿਸਤਾਨ ਤੋਂ ਆ ਰਹੇ ਇਨ੍ਹਾਂ ਨਾਗਰਿਕਾਂ ਦਾ ਸਵਾਗਤ ਕਰਨ ਤੇ ਇਨ੍ਹਾਂ ਦੀ ਮਦਦ ਕਰਨ। ਉਨ੍ਹਾਂ ਸੁਝਾਅ ਦਿੱਤਾ ਕਿ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਵਿਚ ਇਨ੍ਹਾਂ ਨੇ ਆਪਣਾ ਸਭ ਕੁਝ ਗੁਆ ਲਿਆ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਸਮੇਂ 'ਚ ਵੀ ਇਨ੍ਹਾਂ ਪਰਿਵਾਰਾਂ ਦੀ ਭਲਾਈ ਵਾਸਤੇ ਕੰਮ ਕੀਤਾ ਹੈ ਤੇ ਭਵਿੱਖ ਵਿਚ ਵੀ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਘੱਟ ਗਿਣਤੀਆਂ ਉਥੇ ਡਰ ਤੇ ਦਹਿਸ਼ਤ ਵਿਚ ਰਹਿ ਰਹੀਆਂ ਹਨ ਅਤੇ ਇਹਨਾਂ ਨੂੰ ਭਾਰਤ ਤੋਂ ਸੁਰੱਖਿਆ ਦੀ ਜ਼ਰੂਰਤ ਹੈ ਤੇ ਇਹ ਇਹਨਾਂ ਨੂੰ ਨਾਗਰਿਕਤਾ ਪ੍ਰਦਾਨ ਕਰ ਕੇ ਹੀ ਦਿੱਤੀ ਜਾ ਸਕਦੀ ਹੈ।


Related News