ਐਨ. ਡੀ. ਏ. ਸਰਕਾਰ ਨੇ ਮੀਡੀਆ ਸੰਸਥਾਨਾਂ ''ਤੇ ਲਾ ਰੱਖੀ ਹੈ ਅਣ-ਐਲਾਨੀ ਐਮਰਜੈਂਸੀ : ਮਨੀਸ਼ ਤਿਵਾੜੀ
Monday, Aug 30, 2021 - 04:21 PM (IST)
ਮੋਹਾਲੀ (ਪਰਦੀਪ) : ਐਨ. ਡੀ. ਏ. ਸਰਕਾਰ ਨੇ ਮੀਡੀਆ ਸੰਸਥਾਨਾਂ 'ਤੇ ਅਣਐਲਾਨੀ ਐਮਰਜੈਂਸੀ ਲਗਾ ਰੱਖੀ ਹੈ, ਮੀਡੀਆ ਸੰਸਥਾਨ ਡਰ ਦੇ ਸਾਏ ਹੇਠ ਕੰਮ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈੱਸ ਕਲੱਬ ਐਸ. ਏ. ਐਸ. ਨਗਰ ਦੇ 13ਵੇਂ ਸਥਾਪਨਾ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੀਤਾ। ਮਨੀਸ਼ ਤਿਵਾੜੀ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਅੱਜ ਵਟਸਐਪ ਝੂਠ ਦੀ ਯੂਨੀਵਰਸਿਟੀ ਬਣ ਚੁੱਕਾ ਹੈ, ਹਰ ਕੋਈ ਸੋਚੇ-ਸਮਝੇ ਅਤੇ ਗੱਲ ਦੀ ਗੰਭੀਰਤਾ ਨੂੰ ਜਾਣੇ ਬਿਨਾਂ ਹੀ ਜੋ ਵੀ ਆਉਂਦਾ ਹੈ, ਵਟਸਐਪ 'ਤੇ ਭੇਜ ਦਿੰਦਾ ਹੈ ਅਤੇ ਜਦੋਂ ਤੱਕ ਮਾਮਲੇ ਦੀ ਸੱਚਾਈ ਸਾਹਮਣੇ ਆਉਂਦੀ ਹੈ, ਉਦੋਂ ਤੱਕ ਜਿੰਨਾ ਨੁਕਸਾਨ ਉਸ ਵਿਅਕਤੀ ਵਿਸ਼ੇਸ਼ ਦਾ ਜਾਂ ਸਮਾਜ ਦਾ ਹੋ ਚੁੱਕਾ ਹੁੰਦਾ ਹੈ, ਦੀ ਭਰਪਾਈ ਕਰਨਾ ਅਸੰਭਵ ਹੋ ਜਾਂਦਾ ਹੈ।
ਮਨੀਸ਼ ਤਿਵਾੜੀ ਦੇ ਨਾਲ ਇਸ ਮੌਕੇ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਦਾ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ, ਜਿੱਥੇ ਹਰ ਕੋਈ ਪੂਰੀ ਆਜ਼ਾਦੀ ਦੇ ਨਾਲ ਕੁੱਝ ਵੀ ਪਰੋਸ ਸਕਦਾ ਹੈ ਪਰ ਇਸ ਦਾ ਇਸਤੇਮਾਲ ਕਰਨ ਵੇਲੇ ਹਰ ਇੱਕ ਨੂੰ ਮਾਮਲੇ ਦੀ ਗੰਭੀਰਤਾ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਮੀਡੀਆ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮਨੀਸ਼ ਤਿਵਾੜੀ ਨੇ ਕਿਹਾ ਕਿ ਬਤੌਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਪੰਜਾਬ ਦੇ ਕੋਨੇ-ਕੋਨੇ ਦਾ ਦੌਰਾ ਕਰਕੇ ਸਿਹਤ ਨਾਲ ਸਬੰਧਿਤ ਲੋੜਾਂ ਨੂੰ ਪੂਰਾ ਕਰਨ ਦੇ ਲਈ ਅਗਵਾਈ ਕੀਤੀ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਅਤੇ ਚੀਫ਼ ਪੈਟਰਨ ਕੇਵਲ ਸਿੰਘ ਰਾਣਾ ਨੇ ਪ੍ਰੈੱਸ ਕਲੱਬ ਵੱਲੋਂ ਮਨੀਸ਼ ਤਿਵਾੜੀ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆਂ ਆਖਿਆ।