ਮਨੀਲਾ 'ਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨਿਆਂ ਪੰਜਾਬੀ ਨੌਜਵਾਨ
Monday, Nov 19, 2018 - 03:48 PM (IST)

ਮੋਗਾ (ਗੋਪੀ) : ਮੋਗਾ ਜ਼ਿਲੇ ਦੇ ਡਾਲਾ ਪਿੰਡ ਦੇ ਨੌਜਵਾਨ ਦਾ ਮਨੀਲਾ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਮੇਲ ਸਿੰਘ (24) ਪੁੱਤਰ ਇਕਾਬ ਸਿੰਘ ਵਜੋਂ ਹੋਈ ਹੈ। ਮ੍ਰਿਤਕ ਜਸਮੇਲ ਦੇ ਪਿਤਾ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਅਤੇ ਕਈ ਅਰਮਾਨ ਲੈ ਕੇ ਮਨੀਲਾ ਦੇ ਨੇੜਲੇ ਸ਼ਹਿਰ ਲਗਸਿਪੀ ਗਿਆ ਸੀ। ਉਹ ਅਜੇ ਕੁਆਰਾ ਹੀ ਸੀ ਅਤੇ ਮਨੀਲਾ 'ਚ ਫ਼ਾਇਨਾਂਸ ਦਾ ਕਾਰੋਬਾਰ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ 12.30 ਵਜੇ ਜਦ ਉਹ ਕੰਮ 'ਤੇ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਪੰਜ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਕੋਲ ਮਨੀਲਾ ਕਰੰਸੀ ਦੇ 43 ਪੀਸੋ ਸਨ ਪਰ ਹਮਲਾਵਰਾਂ ਨੇ ਇਹ ਰਾਸ਼ੀ ਨਹੀਂ ਲੁੱਟੀ। ਪੀੜਤ ਇਕਬਾਲ ਸਿੰਘ ਅਤੇ ਵੱਡੇ ਪੁੱਤਰ ਗੁਰਜੀਤ ਸਿੰਘ ਨੇ ਖ਼ਦਸਾ ਜ਼ਾਹਿਰ ਕੀਤਾ ਕਿ ਕਾਰੋਬਾਰੀ ਰੰਜਿਸ਼ ਤਹਿਤ ਦੇ ਤਹਿਤ ਜਸਮੇਲ ਦਾ ਕਤਲ ਕਰਵਾਇਆ ਗਿਆ ਹੈ। ਜਸਮੇਲ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਡਾਲਾ ਪਿੰਡ 'ਚ ਸੋਗ ਦੀ ਲਹਿਰ ਛਾ ਗਈ ਹੈ।