ਮਾਨਾਂਵਾਲੀ ਵਾਸੀਆਂ ਨੇ ਕੀਤਾ ਪੁਲਸ ਥਾਣਾ ਸਤਨਾਮਪੁਰਾ ਦਾ ਘੇਰਾਓ

12/22/2017 5:52:13 AM

ਫਗਵਾੜਾ, (ਜ. ਬ.)- ਫਗਵਾੜਾ 'ਚ ਵਾਪਰੇ ਸੜਕ ਹਾਦਸੇ 'ਚ ਪੁਲਸ ਥਾਣਾ ਸਤਨਾਮਪੁਰਾ ਦੀ ਰਹੀ ਕਾਰਜ ਸ਼ੈਲੀ ਨੂੰ ਲੈ ਕੇ ਲੋਕਾਂ 'ਚ ਭਾਰੀ ਗੁੱਸੇ ਕਾਰਨ ਦੇਰ ਰਾਤ ਸੈਂਕੜੇ ਲੋਕਾਂ ਦੀ ਭੀੜ ਵਲੋਂ ਪੁਲਸ ਥਾਣਾ ਸਤਨਾਮਪੁਰਾ ਦਾ ਘੇਰਾਓ ਕਰ ਕੇ ਅੱਧੇ ਘੰਟੇ ਤਕ ਫਗਵਾੜਾ-ਸਤਨਾਮਪੁਰਾ ਰੋਡ 'ਤੇ ਟ੍ਰੈਫਿਕ ਜਾਮ ਲਾਉਣ ਦੀ ਸੂਚਨਾ ਮਿਲੀ ਹੈ।
ਘਟਨਾ ਸਥਾਨ 'ਤੇ ਪਹੁੰਚੇ  ਪਿੰਡ ਮਾਨਾਂਵਾਲੀ ਨਾਲ ਸੰੰਬੰਧਤ ਲੋਕਾਂ ਨੇ ਦਸਿਆ ਕਿ ਥਾਣਾ ਸਤਨਾਮਪੁਰਾ ਦੀ ਪੁਲਸ ਜਨਤਾ ਦੀ ਸੁਣਵਾਈ ਨਹੀਂ ਕਰ ਰਹੀ ਹੈ ਤੇ ਨਾ ਹੀ ਪੁਲਸ ਕੇਸ ਦਰਜ ਹੋ ਰਿਹਾ ਹੈ। ਇਸ ਤੋਂ ਉਲਟ ਇਕ ਪੱਖ ਦੇ ਦਬਾਅ 'ਚ ਆਕੇ ਪੁਲਸ ਦੇ ਕੁਝ ਅਫਸਰ ਮਾਮਲੇ ਨੂੰ ਦਬਾਉਣ ਦਾ ਯਤਨ ਕਰ ਕੇ ਸੰਬੰਧਤ ਮਾਮਲੇ 'ਚ ਆਪਸੀ ਸਮਝੌਤਾ ਕਰਵਾਉਣ 'ਚ ਦਿਲਚਸਪੀ ਜ਼ਿਆਦਾ ਦਿਖਾ ਰਹੇ ਹਨ। ਇਸ ਦੌਰਾਨ ਗੁੱਸੇ ਨਾਲ ਭਰੇ ਅੰਦੋਲਨਕਾਰੀ ਪਿੰਡ ਮਾਨਾਂਵਾਲੀ ਨਿਵਾਸੀਆਂ ਨੇ ਸਾਰਾ ਮਾਮਲਾ ਪੁਲਸ ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਸੁਖਪਾਲ ਸਿੰਘ ਦੇ ਸਾਹਮਣੇ ਰੱਖਿਆ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਪੁਲਸ ਠੀਕ ਢੰਗ ਨਾਲ ਕੰਮ ਕਰਦੀ ਤਾਂ ਦੇਰ ਰਾਤ ਨਾ ਤਾਂ ਪੁਲਸ ਥਾਣਾ ਸਤਨਾਮਪੁਰਾ ਦਾ ਘੇਰਾਓ ਹੁੰਦਾ ਤੇ ਨਾ ਹੀ ਉਨ੍ਹਾਂ ਨੂੰ ਫਗਵਾੜਾ-ਸਤਨਾਮਪੁਰਾ ਸੜਕ 'ਤੇ ਇਸ ਤਰ੍ਹਾਂ ਟ੍ਰੈਫਿਕ ਜਾਮ ਲਗਾਉਣਾ ਪੈਂਦਾ।
ਕੀ ਸੀ ਮਾਮਲਾ
ਸਤਨਾਮਪੁਰਾ ਥਾਣੇ ਅਧੀਨ ਆਉਂਦੇ ਪਿੰਡ ਮਾਨਾਂਵਾਲੀ ਨਿਵਾਸੀ ਇਕ ਮਜ਼ਦੂਰ ਜੋ ਬੀਤੇ ਦਿਨੀਂ ਇਕ ਐਕਟਿਵਾ ਨਾਲ ਟਕਰਾਉਣ ਕਾਰਨ ਜ਼ਖਮੀ ਹੋ ਗਿਆ ਸੀ। ਐਕਟਿਵਾ ਸਵਾਰ ਪਿੰਡ ਠਕਰਕੀ ਦਾ ਰਹਿਣ ਵਾਲਾ ਸੀ। ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਪੁਲਸ ਵਲੋਂ ਗਰੀਬ ਪਰਿਵਾਰ ਨਾਲ ਸੰਬੰਧਤ ਜ਼ਖਮੀ ਮਜ਼ਦੂਰ ਦੀ ਮਦਦ ਕਰਨ ਦੀ ਬਜਾਏ ਉਲਟਾ ਉਸ 'ਤੇ ਐਕਟਿਵਾ ਚੋਰੀ ਕਰਨ ਦਾ ਦੋਸ਼ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਅਜਿਹੀ ਕੋਈ ਗੱਲ ਨਹੀਂ : ਐੱਸ. ਐੱਚ. ਓ.
ਉਥੇ ਹੀ ਇਸ ਮਾਮਲੇ 'ਚ ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ। ਇਸ ਜ਼ਖਮੀ ਮਜ਼ਦੂਰ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਦੋਸ਼ੀ ਕੋਈ ਵੀ ਹੋਵੇ ਉਚਿਤ ਕਾਰਵਾਈ ਹੋਵੇਗੀ। ਉਸ ਤੋਂ ਬਾਅਦ ਐੱਸ. ਐੱਚ. ਓ. ਸੁਖਪਾਲ ਸਿੰਘ ਨੇ ਗੁੱਸੇ 'ਚ ਆਏ ਲੋਕਾਂ ਨੂੰ ਸ਼ਾਂਤ ਕੀਤਾ ਤੇ ਜਾਮ ਨੂੰ ਖੁਲ੍ਹਵਾਇਆ।
ਵਾਹਨਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ, ਲੋਕਾਂ ਨੂੰ ਹੋਈ ਭਾਰੀ ਪਰੇਸ਼ਾਨੀ
ਉਥੇ ਹੀ ਅੰਦੋਲਨਕਾਰੀਆਂ ਵਲੋਂ ਕਰੀਬ ਅੱਧੇ ਘੰਟੇ ਤਕ ਸੜਕ ਜਾਮ ਲਗਾਉਣ ਕਾਰਨ ਇਲਾਕੇ 'ਚ ਦੇਰ ਰਾਤ ਭਾਰੀ ਅਫਰਾ-ਤਫਰੀ ਮਚ ਗਈ। ਫਗਵਾੜਾ-ਸਤਨਾਮਪੁਰਾ ਸੜਕ 'ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਿਸ ਨਾਲ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Related News