ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ ''ਚ ਆ ਗਿਆ ਵਿਅਕਤੀ, ਮਗਰੋਂ ਲਾਸ਼ ਉੱਤੋਂ ਵੀ ਲੰਘਦੀਆਂ ਰਹੀਆਂ ਗੱਡੀਆਂ
Monday, Jan 13, 2025 - 05:44 AM (IST)
ਲੁਧਿਆਣਾ (ਗੌਤਮ)- ਸ਼ਨੀਵਾਰ ਨੂੰ ਦੇਰ ਰਾਤ ਹਰਨਾਮ ਨਗਰ ਨੇੜੇ ਸਥਿਤ ਰੇਲਵੇ ਫਾਟਕ ਨੇੜੇ ਟ੍ਰੈਕ ਪਾਰ ਕਰਦਿਆਂ ਇਕ ਵਿਅਕਤੀ ਦੀ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਲੋਕਾਂ ਨੇ ਇਸ ਦੀ ਸੂਚਨਾ ਨੇੜੇ ਸਥਿਤ ਫਾਟਕ ’ਤੇ ਤਾਇਨਾਤ ਕਰਮਚਾਰੀ ਤੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਪਰ ਕਰੀਬ 2 ਘੰਟਿਆਂ ਬਾਅਦ ਥਾਣਾ ਜੀ.ਆਰ.ਪੀ. ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਮੌਕੇ ਦਾ ਨਿਰੀਖਣ ਕਰਨ ਤੋਂ ਬਾਅਦ ਲਾਸ਼ ਨੂੰ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਸ ਦੌਰਾਨ 2 ਟ੍ਰੇਨਾਂ ਵੀ ਉਥੋਂ ਗੁਜ਼ਰ ਗਈਆਂ ਅਤੇ ਲਾਸ਼ ਰੇਲਵੇ ਟ੍ਰੈਕ ਦੇ ਵਿਚਾਲੇ ਹੀ ਪਈ ਰਹੀ। ਲੋਕਾਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਵੀ ਰੇਲਵੇ ਵਿਭਾਗ ਵੱਲੋਂ ਇਸ ਟ੍ਰੈਕ ਤੋਂ ਟ੍ਰੇਨਾਂ ਨੂੰ ਨਹੀਂ ਰੋਕਿਆ ਗਿਆ ਅਤੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਟ੍ਰੇਨਾਂ ਲੰਘਦੀਆਂ ਰਹੀਆਂ, ਜਦਕਿ ਅਧਿਕਾਰੀਆਂ ਦਾ ਕਹਿਣਾ ਹੈ ਨਿਯਮਾਂ ਅਨੁਸਾਰ ਹੀ ਟ੍ਰੇਨਾਂ ਚਲਾਈਆਂ ਗਈਆਂ ਸਨ।
ਇਹ ਵੀ ਪੜ੍ਹੋ- ਲਿਵ-ਇਨ ਰਿਲੇਸ਼ਨਸ਼ਿਪ ਦਾ ਖ਼ੌਫ਼ਨਾਕ ਅੰਜਾਮ ; ਔਰਤ ਨੇ ਕੀਤੀ ਖ਼ੁਦਕੁਸ਼ੀ, ਅਗਲੇ ਹੀ ਦਿਨ ਸਾਥੀ ਨੇ ਵੀ ਤੋੜਿਆ ਦਮ
ਵਾਰਿਸਾਂ ਦੀ ਤਲਾਸ਼ ਸ਼ੁਰੂ
ਮੌਕੇ ’ਤੇ ਪਹੁੰਚੇ ਜੀ. ਆਰ. ਪੀ. ਦੇ ਅਧਿਕਾਰੀ ਨੇ ਦੱਸਿਆ ਕਿ ਮੌਕੇ ਦੇ ਨਿਰੀਖਣ ਦੌਰਾਨ ਲਾਸ਼ ਕੋਲੋਂ ਕੋਈ ਵੀ ਦਸਤਾਵੇਜ਼ ਜਾਂ ਮੋਬਾਈਲ ਨਹੀਂ ਮਿਲਿਆ, ਜਿਸ ਨਾਲ ਮਰਨ ਵਾਲੇ ਨੌਜਵਾਨ ਦੀ ਪਛਾਣ ਹੋ ਸਕੇ। ਹਾਲਾਂਕਿ ਆਲੇ-ਦੁਆਲੇ ਦੇ ਇਲਾਕੇ ’ਚ ਵੀ ਪੁੱਛਗਿੱਛ ਕੀਤੀ ਗਈ ਹੈ ਪਰ ਕੁਝ ਵੀ ਪਤਾ ਨਹੀਂ ਲੱਗਿਆ। ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾਇਆ ਗਿਆ ਹੈ, ਤਾਂ ਕਿ ਉਸ ਦੇ ਵਾਰਿਸਾਂ ਦੀ ਭਾਲ ਕੀਤੀ ਜਾ ਸਕੇ।
ਟ੍ਰੇਨਾਂ ਗੁਜ਼ਰਨ ਨੂੰ ਲੈ ਕੇ ਕੀ ਕਹਿੰਦੇ ਹਨ ਅਧਿਕਾਰੀ ?
ਜਦੋਂ ਇਸ ਸਬੰਧੀ ਰੇਲਵੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰੇਲਵੇ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਟ੍ਰੇਨਾਂ ਨੂੰ ਰੋਕਿਆ ਨਹੀਂ ਜਾ ਸਕਿਆ। ਇਸ ਲਈ ਟ੍ਰੇਨ ਡਰਾਈਵਰ ਨੂੰ ਕਾਸ਼ਨ ਦੇ ਕੇ ਚਲਾਇਆ ਜਾਂਦਾ ਹੈ ਕਿ ਟ੍ਰੇਨ ਨੂੰ ਹਾਦਸੇ ਵਾਲੇ ਜਗ੍ਹਾ ਤੋਂ ਘੱਟ ਤੋਂ ਘੱਟ ਸਪੀਡ ’ਤੇ ਕੱਢਿਆ ਜਾਵੇ। ਹਾਦਸਾ ਵਾਲੀ ਜਗ੍ਹਾ ’ਤੇ ਪਹੁੰਚਣ ਵਾਲੀ ਜੀ.ਆਰ.ਪੀ. ਦੀ ਟੀਮ ਮੌਕੇ ਦਾ ਨਿਰੀਖਣ ਕਰ ਕੇ ਲਾਸ਼ ਨੂੰ ਕਬਜ਼ੇ ’ਚ ਲੈਂਦੀ ਹੈ ਅਤੇ ਉਸ ਤੋਂ ਬਾਅਦ ਟ੍ਰੈਕ ਕਲੀਅਰ ਹੋਣ ਦੀ ਸੂਚਨਾ ਦਿੰਦੀ ਹੈ ਤਾਂ ਫਿਰ ਟ੍ਰੇਨਾਂ ਨਿਰਧਾਰਿਤ ਸਪੀਡ ’ਤੇ ਚਲਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ; ਅੱਧੀ ਰਾਤੀਂ ਘਰ 'ਚ ਵੜੇ ਲੁਟੇਰਿਆਂ ਨੇ ਲੱਤਾਂ ਬੰਨ੍ਹ ਔਰਤ ਦਾ ਕਰ'ਤਾ ਕਤਲ
ਇਸ ਸਬੰਧ ਵਿਚ ਜੀ.ਆਰ.ਪੀ. ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੇਰ ਰਾਤ ਨੂੰ ਜਿਉਂ ਹੀ ਸਟੇਸ਼ਨ ਅਧਿਕਾਰੀਆਂ ਤੋਂ ਮੀਮੋ ਮਿਲੀ ਤਾਂ ਤੁਰੰਤ ਮੌਕੇ ’ਤੇ ਟੀਮ ਪਹੁੰਚ ਗਈ ਸੀ। ਟ੍ਰੇਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਰੇਲਵੇ ਅਧਿਕਾਰੀਆਂ ਦੀ ਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e