ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

Wednesday, Mar 03, 2021 - 01:09 PM (IST)

ਨੰਗਲ (ਗੁਰਭਾਗ ਸਿੰਘ)- ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਦੁਬੇਟਾ ਵਿਖੇ ਇਕ ਨੌਜਵਾਨ ਵੱਲੋਂ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਖ਼ਬਰ ਨੂੰ ਲੈ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਬਹੁਤ ਹੀ ਮਿਹਨਤੀ ਅਤੇ ਪੜ੍ਹਿਆ ਲਿਖਿਆ ਸੀ। ਜਿਸ ਨੇ ਕੁਝ ਵਿਅਕਤੀਆਂ ਦੇ ਦਬਾਅ ਹੇਠਾਂ ਆ ਕੇ ਅਜਿਹੀ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਪਿੰਡਾਂ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਇਹ ਹੁਕਮ ਜਾਰੀ

ਪਿਛਲੇ 4 ਸਾਲ ਤੋਂ ਪਿੰਡ ਦੀ ਸਹਿਕਾਰੀ ਸੁਸਾਇਟੀ ਵਿੱਚ ਸੈਕਟਰੀ ਸੀ
ਪੱਤਰਕਾਰਾਂ ਵੱਲੋਂ ਮੌਕੇ ਉਤੇ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਗੌਰਵ ਕੁਮਾਰ (30), ਪੁੱਤਰ ਅਮਰੀਕ ਸਿੰਘ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਕੁਮਾਰ ਪਿਛਲੇ ਕਰੀਬ 4 ਸਾਲ ਤੋਂ ਪਿੰਡ ਦੀ ਸਹਿਕਾਰੀ ਸੁਸਾਇਟੀ ਵਿੱਚ ਸੈਕਟਰੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ 29 ਦਸੰਬਰ 2020 ‘ਚ ਸੋਸਾਇਟੀ ‘ਚ ਕਮੇਟੀ ਬਨਾਉਣ ਲਈ ਚੋਣ ਹੋਈ ਅਤੇ 15 ਜਨਵਰੀ ਨੂੰ 11 ਮੈਂਬਰੀ ਕਮੇਟੀ ਬਣਾਈ ਗਈ। ਕਮੇਟੀ ਬਣਨ ਤੋਂ ਬਾਅਦ ਦੋ ਵਿਅਕਤੀਆਂ ਵਿੱਚ ਪ੍ਰਧਾਨਗੀ ਨੂੰ ਲੈ ਕੇ ਖਿੱਚ ਧੂਹ ਸ਼ੁਰੂ ਹੋ ਗਈ। ਫਿਰ ਬਾਅਦ ਵਿੱਚ ਪ੍ਰਧਾਨਗੀ ਲਈ ਗਿਆਰਾਂ ਮੈਂਬਰੀ ਕਮੇਟੀ ਦੀਆਂ ਵੋਟਾਂ ਪਵਾਈਆਂ ਗਈਆਂ। ਇਕ ਧਿਰ ਨੂੰ ਪੰਜ ਵੋਟਾਂ ਅਤੇ ਦੂਜੀ ਧਿਰ ਨੂੰ ਛੇ ਵੋਟਾਂ ਪਈਆਂ। ਜਿਸ ਧਿਰ ਨੂੰ ਪੰਜ ਵੋਟਾਂ ਪਈਆਂ ਉਨ੍ਹਾਂ ਦਾ ਇਤਰਾਜ਼ ਸੀ ਕਿ ਵੋਟ ਪਾਉਣ ਵਾਲੇ ਛੇ ਵਿਅਕਤੀ ਉਨ੍ਹਾਂ ਨੂੰ ਸਰਟੀਫਿਕੇਟ ਤੱਕ ਦੇ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਸਾਰੇ ਮਾਮਲੇ ਨੂੰ ਲੈ ਕੇ ਇਹ ਗਿਆਰਾਂ ਮੈਂਬਰੀ ਕਮੇਟੀ ਸੂੰਹ ਚੁੱਕਣ ਲਈ ਸ਼ਹੀਦਾਂ ਦੇ ਗੁਰਦੁਆਰੇ ਨੂਰਪੁਰਬੇਦੀ ਵੀ ਪੁੱਜੀ। ਬਸ ਇਸੇ ਖਿੱਚ ਧੂਹ ਵਿੱਚ ਕੁਝ ਵਿਅਕਤੀਆਂ ਵੱਲੋਂ ਕਮੇਟੀ ਦੇ ਸੈਕਟਰੀ ਗੌਰਵ ਕੁਮਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਕ ਧਿਰ ਦਾ ਕਹਿਣਾ ਸੀ ਕਿ ਸੈਕਟਰੀ ਉਨ੍ਹਾਂ ਦੇ ਮੁਤਾਬਕ ਕੰਮ ਕਰੇ ਅਤੇ ਦੂਜੀ ਦਾ ਕਹਿਣਾ ਸੀ ਉਹ ਸਾਡੇ ਮੁਤਾਬਕ ਕੰਮ ਕਰੇ। ਚਰਚਾ ਹੈ ਕਿ ਕੁਝ ਕਮੇਟੀ ਮੈਂਬਰਾਂ ਵੱਲੋਂ ਗੌਰਵ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਿਸ ਕਾਰਨ ਉਹ ਇਹ ਸਭ ਕੁਝ ਸਹਿਣ ਨਾ ਕਰਨ ਸਕਿਆ ਅਤੇ ਉਸ ਨੇ ਖ਼ੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ: ਜਲੰਧਰ ’ਚ ਅੱਧਸੜੀ ਮਿਲੀ ਮਜ਼ਦੂਰ ਦੀ ਲਾਸ਼ ਨੂੰ ਲੈ ਕੇ ਵੱਡਾ ਖ਼ੁਲਾਸਾ, ਕੁਕਰਮ ਕਰਕੇ ਦੋਸਤ ਨੇ ਲਾਈ ਸੀ ਅੱਗ

PunjabKesari

ਕਮੇਟੀ ਦੇ ਇਕ ਵਿਅਕਤੀ ਵੱਲੋਂ ਗੌਰਵ ਕੁਮਾਰ ਅਤੇ ਕੁਝ ਹੋਰ ਮੈਂਬਰਾਂ ਉਤੇ ਹਰਾਸਮੈਂਟ ਦਾ ਕੇਸ ਵੀ ਫਾਈਲ ਕਰਵਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਗੌਰਵ ਕੁਮਾਰ ਦੀਆਂ ਕੋਰਟ ਵਿੱਚ ਤਰੀਕਾਂ ਪੈਂਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਇੱਕ ਮਾਰਚ ਨੂੰ ਗੌਰਵ ਕੁਮਾਰ ਜਦੋਂ ਆਪਣੇ ਪਿਤਾ ਅਮਰੀਕ ਸਿੰਘ ਨਾਲ ਤਰੀਕ ਭੁਗਤ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਬ੍ਰਹਮਪੁਰ ਲਾਗੇ ਗੌਰਵ ਕੁਮਾਰ ਭੁੱਖ ਮਿਟਾਉਣ ਲਈ ਕੁਲਚੇ ਖਾਣ ਲੱਗ ਪਿਆ, ਜਿਸ ਤੋਂ ਕੁਝ ਸਮਾਂ ਬਾਅਦ ਪਿਤਾ ਨੂੰ ਬਿਨਾਂ ਭਿਣਕ ਲੱਗੇ ਉਸ ਨੇ ਸਲਫ਼ਾਸ ਦੀਆਂ ਗੋਲੀਆਂ ਵੀ ਖਾ ਲਈਆਂ। ਜਦੋਂ ਪਿਤਾ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪਿਤਾ ਨੇ ਮੌਕੇ ਉਤੇ ਮੌਜੂਦ ਲੋਕਾਂ ਦੀ ਮਦਦ ਨਾਲ ਗੌਰਵ ਕੁਮਾਰ ਨੂੰ ਨੰਗਲ ਹਸਪਤਾਲ ਲਿਆਂਦਾ। ਜਿਸ ਪਿੱਛੋਂ ਗੌਰਵ ਕੁਮਾਰ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਗੌਰਵ ਕੁਮਾਰ ਦੀ ਪੀ. ਜੀ. ਆਈ. ਵਿੱਚ ਮੌਤ ਹੋ ਗਈ। ਗੁੱਸੇ ਵਿਚ ਆਏ ਪਿੰਡ ਵਾਸੀਆਂ ਵੱਲੋਂ ਗੌਰਵ ਦੇ ਪਿਤਾ ਦੇ ਨਾਲ ਜਾ ਕੇ ਨੰਗਲ ਥਾਣੇ ਵਿਚ ਕਮੇਟੀ ਦੇ ਕੁਝ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਤਿੰਨ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
ਪਿੰਡ ਵਿੱਚ ਹਰ ਕਿਸੇ ਦੇ ਮੂੰਹੋਂ ਇਕੋ ਗੱਲ ਨਿਕਲਦੀ ਸੀ ਕਿ ਗੌਰਵ ਕੁਮਾਰ ਬਹੁਤ ਹੀ ਸੂਝਵਾਨ ਨੌਜਵਾਨ ਸੀ। ਗੌਰਵ ਕੁਮਾਰ ਨੇ ਬੀ ਕਾਮ ਤੋਂ ਬਾਅਦ ਐਮ. ਬੀ..ਬੀ. ਏ. ਵੀ ਕੀਤੀ ਹੋਈ ਸੀ। ਗੌਰਵ ਕੁਮਾਰ ਦਾ ਵਿਆਹ ਤਿੰਨ ਸਾਲ ਪਹਿਲਾਂ ਪੂਜਾ ਰਾਣੀ ਨਾਲ ਹੋਇਆ ਸੀ, ਜਿਸ ਦੇ ਡੇਢ ਕੁ ਸਾਲ ਦੀ ਬੱਚੀ ਵੀ ਹੈ। ਦਹਾੜਾਂ ਮਾਰ- ਮਾਰ ਰੋਂਦੀ ਗੌਰਵ ਦੀ ਪਤਨੀ ਪੂਜਾ ਅਤੇ ਮਾਂ ਪਵਨੀ ਦੇਵੀ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਗੌਰਵ ਦੀ ਪਤਨੀ ਅਤੇ ਮਾਂ ਦਾ ਇੱਕੋ ਕਹਿਣਾ ਸੀ ਕਿ ਉਸਨੂੰ ਬਿਨਾਂ ਕਿਸੇ ਕਸੂਰ ਤੋਂ ਮਰਨ ਲਈ ਮਜਬੂਰ ਕੀਤਾ ਗਿਆ ਹੈ, ਜੋ ਕਿ ਇਕ ਤਰ੍ਹਾਂ ਦਾ ਕਤਲ ਹੈ।

PunjabKesari

ਕੁਝ ਕਮੇਟੀ ਮੈਂਬਰਾਂ ਵੱਲੋਂ ਗੌਰਵ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ: ਸਰਪੰਚ
ਜਦੋਂ ਸਾਰੇ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਹੇਮਰਾਜ ਨਾਲ ਗੱਲ ਕੀਤੀ ਗਈ ਤਾਂ ਹੇਮਰਾਜ ਨੇ ਵੀ ਇਸ ਦੁੱਖਦਾਈ ਘਟਨਾ ਉਤੇ ਅਫ਼ਸੋਸ ਜ਼ਾਹਰ ਕੀਤਾ। ਸਰਪੰਚ ਨੇ ਕਿਹਾ ਕਿ ਗੌਰਵ ਕੁਮਾਰ ਬਹੁਤ ਸੂਝਵਾਨ ਲਡ਼ਕਾ ਸੀ। ਸਰਪੰਚ ਨੇ ਕਿਹਾ ਕਿ ਇਸ ਗੱਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਕਮੇਟੀ ਦੇ ਕੁਝ ਵਿਅਕਤੀਆਂ ਵੱਲੋਂ ਉਸਨੂੰ ਹਰਾਸ ਕੀਤਾ ਜਾ ਰਿਹਾ ਸੀ। ਜਿਸ ਕਰਕੇ ਉਸ ਨੇ ਇਹ ਮਾਡ਼ਾ ਕਦਮ ਚੁੱਕਿਆ ਹੈ। ਸਰਪੰਚ ਨੇ ਇਹ ਸਾਰੀ ਜਾਣਕਾਰੀ ਪੱਤਰਕਾਰਾਂ ਨੂੰ ਦਿੱਤੀ ਕਿ ਕਿਵੇਂ ਇਹ ਗਿਆਰਾਂ ਮੈਂਬਰੀ ਕਮੇਟੀ ਬਣੀ। ਉਨ੍ਹਾਂ ਕਿਹਾ ਕਿ ਪੀਡ਼ਤ ਪਰਿਵਾਰ ਦੀ ਮਾਲੀ ਮਦਦ ਲਈ ਸਰਕਾਰ ਤੋਂ ਜ਼ਰੂਰ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਤਿੰਨ ਵਿਅਕਤੀਆਂ ਉਤੇ ਮਾਮਲਾ ਦਰਜ: ਥਾਣਾ ਮੁਖੀ
ਨੰਗਲ ਥਾਣਾ ਮੁਖੀ ਪਵਨ ਚੌਧਰੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕਿ ਮ੍ਰਿਤਕ ਗੌਰਵ ਕੁਮਾਰ ਦੇ ਪਿਤਾ ਅਮਰੀਕ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਉਤੇ ਤਿੰਨ ਵਿਅਕਤੀ, ਜਿਨ੍ਹਾਂ ‘ਚ ਦਿਲਬਾਗ, ਅਸ਼ਵਨੀ ਅਤੇ ਧਨਰਾਜ ਉਤੇ ਆਈ. ਪੀ. ਸੀ. ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਪੁਲਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਕਥਿਤ ਦੋਸ਼ੀ ਫਿਲਹਾਲ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼

ਨੋਟ- ਇਸ ਖ਼ਬਰ ਨਾਲ ਸੰਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News