ਭਾਖ਼ੜਾ ਨਹਿਰ ''ਚ ਖ਼ੁਦਕੁਸ਼ੀ ਕਰਨ ਵਾਲੇ ਕਾਰ ਚਾਲਕ ਦੇ ਮਾਮਲੇ ''ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Sunday, May 08, 2022 - 01:40 PM (IST)
ਰੂਪਨਗਰ (ਸੱਜਣ ਸੈਣੀ)- ਰੋਪੜ ਦੇ ਨਜ਼ਦੀਕ ਭਾਖੜਾ ਨਹਿਰ ਵਿਚ ਆਪਣੀ ਕਾਰ ਨੂੰ ਸੁੱਟ ਕੇ ਖ਼ੁਦਕੁਸ਼ੀ ਕਰਨ ਵਾਲੇ ਮੋਹਾਲੀ ਦੇ ਗੁਰਧਿਆਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਉਸ ਦੀ ਪਤਨੀ ਦੇ ਬਿਆਨਾਂ 'ਤੇ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਥੇ ਹੀ ਪੁਲਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਆਰ. ਹਰਵਿੰਦਰ ਪਾਲ ਸਿੰਘ ਨੇ ਦੱਸਿਆ ਮ੍ਰਿਤਕ ਗੁਰਧਿਆਨ ਸਿੰਘ ਦੀ ਪਤਨੀ ਦੇ ਬਿਆਨਾਂ 'ਤੇ 4 ਵਿਅਕਤੀਆਂ ਖ਼ਿਲਾਫ਼ ਧਾਰਾ 306 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ
ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਰੂਪਨਗਰ ਵਿਚ ਭਿਓਰਾ ਪੁੱਲ ਰੂਪਨਗਰ-ਚੰਡੀਗੜ੍ਹ ਮਾਰਗ ਦੇ ਹੇਠਾਂ ਤੋਂ ਲੰਘਦੀ ਭਾਖ਼ੜਾ ਨਹਿਰ ’ਚ ਇਕ ਕਾਰ ਚਾਲਕ ਨੇ ਕਾਰ ਸੁੱਟ ਦਿੱਤੀ ਸੀ। ਮੌਕੇ ’ਤੇ ਮੌਜੂਦ ਗੋਤਾਖ਼ੋਰਾਂ ਨੇ ਕਾਰ ਨਹਿਰ ’ਚ ਡਿੱਗਦੇ ਹੀ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਸੀ ਅਤੇ ਰੱਸੀ ਨੂੰ ਨਹਿਰ ’ਚ ਸੁੱਟਿਆ ਪਰ ਕਾਰ ਚਾਲਕ ਬਾਹਰ ਨਹੀਂ ਨਿਕਲਿਆ ਸੀ। ਗੋਤਾਖ਼ੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਕਾਰ ਦੇ ਕੋਲ ਜਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦੇ ਸ਼ੀਸ਼ੇ ਨਹੀਂ ਖੁੱਲ੍ਹੇ ਸਨ। ਕਾਰ ਪੀ. ਬੀ.-65 ਮੋਹਾਲੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਸੀ। ਕਾਰ ’ਚ ਕਿੰਨੇ ਲੋਕ ਸਵਾਰ ਸਨ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਾਰ ’ਚ ਕਾਰ ਚਾਲਕ ਇਕੱਲਾ ਹੀ ਸੀ।
ਇਹ ਵੀ ਪੜ੍ਹੋ: ਅਰੁਣਾਚਲ ਪ੍ਰਦੇਸ਼ ’ਚ ਹੁਸ਼ਿਆਰਪੁਰ ਦਾ ਜਵਾਨ ਸ਼ਹੀਦ, ਮਾਨ ਸਰਕਾਰ ਵੱਲੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਦੇਣ ਦਾ ਐਲਾਨ
ਇਹ ਵੀ ਪਤਾ ਲੱਗਾ ਹੈ ਕਿ ਭਾਖੜਾ ਨਹਿਰ ਵਿੱਚ ਸਣੇ ਕਾਰ ਨਹਿਰ ਵਿੱਚ ਡੁੱਬੇ ਗੁਰਧਿਆਨ ਸਿੰਘ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬਹੁਤ ਹੀ ਪੁਰਾਣੇ ਮਿੱਤਰ ਸਨ। ਗੁਰਧਿਆਨ ਸਿੰਘ ਦੀ ਪਤਨੀ ਐੱਸ. ਏ. ਐੱਸ. ਨਗਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਹਨ। ਪਤੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਦੋਸਤ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਥਾਣਾ ਸਿੰਘ ਭਗਵੰਤਪੁਰ ਵਿਖੇ ਪਹੁੰਚੇ ਸਨ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਧਿਆਨ ਸਿੰਘ ਉਨ੍ਹਾਂ ਦੇ ਪੁਰਾਣੇ ਦੋਸਤ ਸਨ ਅਤੇ ਬਹੁਤ ਚੰਗੇ ਸੁਭਾਅ ਦੇ ਸਨ ਪਰ ਪਿੰਡ ਦੇ ਕੁਝ ਗਲਤ ਵਿਅਕਤੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੋਇਆ ਸੀ ਅਤੇ 19 ਅਪ੍ਰੈਲ ਨੂੰ ਜੁਰਮ ਦੇ ਵਿਚ ਵਾਧਾ ਕਰਕੇ ਉਨ੍ਹਾਂ ਖ਼ਿਲਾਫ਼ ਹੋਰ ਧਾਰਾਵਾਂ ਲਗਾਈਆਂ ਗਈਆਂ ਸਨ, ਜਿਸ ਦੇ ਚਲਦੇ ਉਹ ਪਰੇਸ਼ਾਨ ਚੱਲ ਰਹੇ ਸੀ। ਬਲਵੀਰ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਯਕ ਸਿਆਸੀ ਰੰਜਿਸ਼ ਕੱਢਣ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਲੀਡਰਾਂ ਖ਼ਿਲਾਫ਼ ਗ਼ਲਤ ਕਾਰਵਾਈਆਂ ਕਰਵਾ ਰਹੇ ਹਨ, ਅਰਵਿੰਦ ਕੇਜਰੀਵਾਲ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ