ਫਿਰ ਵਿਵਾਦਾਂ ’ਚ ਜਲੰਧਰ ਦੀ ਤਾਜਪੁਰ ਚਰਚ, ਇਲਾਜ ਲਈ ਆਇਆ UP ਦਾ ਵਿਅਕਤੀ ਬਾਥਰੂਮ 'ਚੋਂ ਗਾਇਬ
Thursday, Oct 06, 2022 - 05:27 PM (IST)
ਜਲੰਧਰ/ ਲਾਂਬੜਾ (ਸੁਨੀਲ, ਮਾਹੀ, ਵਰਿੰਦਰ)- ਜਲੰਧਰ ਦੇ ਥਾਣਾ ਲਾਂਬੜਾ ਅਧੀਨ ਆਉਂਦੀ ਤਾਜਪੁਰ ਸਥਿਤ ਚਰਚ ਇਕ ਵਾਰ ਫਿਰ ਤੋਂ ਚਰਚਾ ’ਚ ਹੈ। ਇਥੇ ਦੱਸ ਦਈਏ ਕਿ ਇਸ ਵਾਰ ਪ੍ਰਾਥਨਾ ਦੌਰਾਨ ਇਲਾਜ ਕਰਵਾਉਣ ਆਏ ਕਿਸੇ ਵਿਅਕਤੀ ਦੇ ਮਰਨ ਕਾਰਨ ਨਹੀਂ ਸਗੋਂ ਇਸ ਵਾਰ ਕਿਸੇ ਵਿਅਕਤੀ ਦੇ ਗਾਇਬ ਹੋਣ ਕਾਰਨ ਚਰਚ ਵਿਵਾਦਾਂ ’ਚ ਆਈ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਆਪਣਾ ਇਲਾਜ ਕਰਵਾਉਣ ਆਇਆ ਇਕ 50 ਸਾਲਾ ਵਿਅਕਤੀ ਚਰਚ ’ਚੋਂ ਗਾਇਬ ਹੋ ਗਿਆ ਹੈ।
ਇਥੇ ਤਾਜਪੁਰ ਚਰਚ ’ਚ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਰੋਗੀਆਂ ਦੇ ਦੁੱਖ਼ ਦੂਰ ਕਰਨ ਲਈ ਵਿਸ਼ੇਸ਼ ਪ੍ਰਾਥਨਾ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਵੇਖ ਕੇ ਦੂਰ-ਦੂਰ ਤੋਂ ਲੋਕ ਇਥੇ ਪ੍ਰਾਥਨਾ ਨਾਲ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਇੰਝ ਹੀ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਕਰੀਬ 50 ਸਾਲਾ ਮੁੰਨਾ ਲਾਲ ਆਪਣੇ ਜਵਾਈ ਆਸ਼ੀਸ਼ ਦੇ ਨਾਲ ਚਰਚ ’ਚ ਇਲਾਜ ਕਰਵਾਉਣ ਲਈ ਆਏ ਸਨ।
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਤਾਜਪੁਰ ਚਰਚ ਵਿੱਚ ਆਪਣੇ ਸਹੁਰੇ ਦਾ ਇਲਾਜ ਕਰਵਾਉਣ ਆਈ ਅਸ਼ੀਸ਼ ਨੇ ਤਾਜਪੁਰ ਚਰਚ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੰਨਾ ਲਾਲ ਵਾਸੀ ਹਾਥਰਸ ਐਤਵਾਰ ਨੂੰ ਚਰਚ ਦੇ ਬਾਥਰੂਮ 'ਚੋਂ ਲਾਪਤਾ ਹੋ ਗਏ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਹਮਣੇ ਆਇਆ ‘ਪ੍ਰਾਕਸੀ ਟੈਸਟਿੰਗ’ ਦਾ ਵੱਡਾ ਸਕੈਮ
ਉਨ੍ਹਾਂ ਦੇ ਜਵਾਈ ਅਸ਼ੀਸ਼ ਮੁਤਾਬਕ ਉਹ ਐਤਵਾਰ ਦੇ ਦਿਨ ਚਰਚ ਵਿੱਚ ਪ੍ਰਾਰਥਨਾ ਦੌਰਾਨ ਪਿਸ਼ਾਬ ਕਰਨ ਲਈ ਬਾਥਰੂਮ ਵੱਲ ਗਏ ਸਨ ਪਰ ਵਾਪਸ ਨਹੀਂ ਆਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਹਿਲਾਂ ਆਸੇ ਪਾਸੇ ਭਾਲ ਕੀਤੀ ਪਰ ਨਹੀਂ ਮਿਲੇ। ਉਨ੍ਹਾਂ ਨੇ ਦੋਸ਼ ਲਾਏ ਕਿ ਜਦੋਂ ਇਸ ਬਾਰੇ ਚਰਚ ਪ੍ਰਬੰਧਕਾਂ ਨਾਲ ਇਸ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੋਬਾਇਲ ਫੋਨ ਫੜ ਲਿਆ ਗਿਆ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਪੁਲਸ ਵੀ ਇਨ੍ਹਾਂ ਦਾ ਸਾਥ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ 4 ਸਾਲ ਦੀ ਬੱਚੀ ਦੀ ਚਰਚ ਅੰਦਰ ਮੌਤ ਹੋ ਗਈ ਸੀ ਜੋਕਿ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਸੰਬੰਧੀ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਫੋਨ 'ਤੇ ਗੱਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ