ਪਹਿਲਾਂ ਲਾਡਲੀ ਧੀ ਨੂੰ ਦਿੱਤਾ ਫਾਹਾ, ਫਿਰ ਖੁਦ ਕਰ ਲਈ ਖੁਦਕੁਸ਼ੀ, ਮੰਜ਼ਰ ਦੇਖ ਪਤਨੀ ਦੀਆਂ ਨਿਕਲੀਆਂ ਚੀਕਾਂ (ਤਸਵੀਰਾਂ)

07/16/2017 12:06:48 PM

ਜਗਰਾਓਂ (ਸ਼ੇਤਰਾ)— ਲੁਧਿਆਣਾ ਦੇ ਜਗਰਾਓਂ ਵਿਚ ਮੇਨ ਬਾਜ਼ਾਰ ਦੇ ਢੋਲਾਂ ਵਾਲੇ ਖੂਹ ਨੇੜੇ ਮਹੰਤਾ ਵਾਲੇ ਮੁਹੱਲੇ 'ਚ ਇਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਹੀ 14 ਸਾਲਾ ਧੀ ਨੂੰ ਫਾਹਾ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਖੁਦ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਅਕਤੀ ਆਪਣੀ ਧੀ ਦੇ ਮੰਦਬੁੱਧੀ ਹੋਣ ਕਾਰਨ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ ਅਤੇ ਕਈ ਮਹੀਨਿਆਂ ਤੋਂ ਡੀ. ਐੱਮ. ਸੀ. ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਉਤਾਰ ਕੇ ਪੋਸਟਮਾਰਟਮ ਲਈ ਪਹੁੰਚਾਅ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 
ਮੁਕੇਸ਼ ਸਿੰਗਲਾ ਨਾਮੀ ਇਹ ਵਿਅਕਤੀ ਰੁਮਾਲੇ ਵੇਚਣ ਦਾ ਕੰਮ ਕਰਦਾ ਸੀ। ਉਸ ਦਾ ਵਿਆਹ 16 ਸਾਲ ਪਹਿਲਾਂ ਅੰਜੂ ਬਾਲਾ ਨਾਲ ਹੋਇਆ ਸੀ, ਜੋ ਕਿ ਸਰਕਾਰੀ ਟੀਚਰ ਹੈ। ਉਨ੍ਹਾਂ ਦੀ 14 ਸਾਲਾ ਮੰਦਬੁੱਧੀ ਬੇਟੀ ਪਲਕ ਅਤੇ 13 ਸਾਲਾ ਦਾ ਬੇਟਾ ਸੌਰਵ ਸਨ। ਮੁਕੇਸ਼ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਦੀ ਅਜਿਹੀ ਹਾਲਤ ਕਰਕੇ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ।
ਸ਼ਨੀਵਾਰ ਨੂੰ ਦੁਪਹਿਰ ਕਰੀਬ ਪੌਣੇ ਦੇ ਵਜੇ ਮੁਕੇਸ਼ ਘਰ ਤੋਂ ਐਕਟਿਵਾ ਲੈ ਕੇ ਨਿਕਲਿਆ ਅਤੇ ਮਹਿਜ਼ 10 ਮਿੰਟਾਂ ਬਾਅਦ ਹੀ ਵਾਪਸ ਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਹ ਰੱਸੀ ਅਤੇ ਚਾਕੂ ਲੈ ਕੇ ਆਇਆ। ਘਰ ਆ ਕੇ ਉਹ ਪਲਕ ਨੂੰ ਲੈ ਕੇ ਤੀਜੀ ਮੰਜ਼ਿਲ 'ਤੇ ਚਲਾ ਗਿਆ। ਘਰ ਵਿਚ ਉਸ ਦੀ ਬਜ਼ੁਰਗ ਮਾਂ ਹੀ ਮੌਜੂਦ ਸੀ, ਜੋ ਪਹਿਲੀ ਮੰਜ਼ਿਲ 'ਤੇ ਪਈ ਹੋਈ ਸੀ। ਮੁਕੇਸ਼ ਨੇ ਤੀਜੀ ਮੰਜ਼ਿਲ ਵਿਚ ਕਮਰੇ ਦੀ ਛੱਤ ਤੋਂ ਬਾਹਰ ਨਿਕਲੇ ਗਾਰਡਰ ਨਾਲ ਪਲਕ ਨੂੰ ਫਾਹਾ ਦਿੱਤਾ ਅਤੇ ਖੁਦ ਵੀ ਨਾਲ ਦੇ ਕਮਰੇ ਵਿਚ ਜਾ ਕੇ ਫਾਹਾ ਲੈ ਲਿਆ। 
ਮੁਕੇਸ਼ ਦੀ ਪਤਨੀ ਅਤੇ ਬੇਟਾ ਜਦੋਂ ਘਰ ਪਹੁੰਚੇ ਤਾਂ ਉਸ ਨੇ ਉਨ੍ਹਾਂ ਨੇ ਮੁਕੇਸ਼ ਤੇ ਪਲਕ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਤਕਰੀਬਨ ਪੌਣੇ ਚਾਰ ਵਜੇ ਜਦੋਂ ਉਹ ਤੀਜੀ ਮੰਜ਼ਿਲ 'ਤੇ ਗਏ ਤਾਂ ਲਟਕਦੀਆਂ ਹੋਈਆਂ ਲਾਸ਼ਾਂ ਨੂੰ ਦੇਖ ਕੇ ਧਾਹਾਂ ਛੱਡ ਦਿੱਤੀਆਂ। ਪੁਲਸ ਨੇ ਧਾਰਾ 174 ਦੇ ਤਹਿਤ ਮਾਮਲੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਨਸਿਕ ਪਰੇਸ਼ਾਨੀ ਦੇ ਚੱਲਦੇ ਹੋਣ ਵਾਲੀਆਂ ਦਰਦਨਾਕ ਘਟਨਾਵਾਂ ਵਿਚ ਇਹ ਸਭ ਤੋਂ ਜ਼ਿਆਦਾ ਰੂਹ ਵਲੂੰਧਰ ਦੇਣ ਵਾਲਾ ਮਾਮਲਾ ਹੈ।


Related News