ਖਾਦ ਨਾਲ ਓਵਰਲੋਡ ਟਰੈਕਟਰ-ਟਰਾਲੀ ਦੀ ਐਕਟਿਵਾ ਨਾਲ ਟੱਕਰ, ਵਿਅਕਤੀ ਜ਼ਖਮੀ

Tuesday, Aug 13, 2024 - 03:09 PM (IST)

ਖਾਦ ਨਾਲ ਓਵਰਲੋਡ ਟਰੈਕਟਰ-ਟਰਾਲੀ ਦੀ ਐਕਟਿਵਾ ਨਾਲ ਟੱਕਰ, ਵਿਅਕਤੀ ਜ਼ਖਮੀ

ਜਲਾਲਾਬਾਦ (ਬਜਾਜ) : ਅੱਜ ਸਵੇਰੇ ਐੱਫ. ਐੱਫ. ਮੁੱਖ ਮਾਰਗ ’ਤੇ ਸਥਾਨਕ ਸ਼ਹਿਰ 'ਚ ਅਨਾਜ ਮੰਡੀ ਦੇ ਮੁੱਖ ਗੇਟ ਕੋਲ ਖਾਦ ਨਾਲ ਓਵਰਲੋਡ ਭਰੀ ਟਰੈਕਟਰ-ਟਰਾਲੀ ਅਤੇ ਐਕਟਿਵਾ ਦੀ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣੋਂ ਤਾਂ ਬਚਾਅ ਹੋ ਗਿਆ ਹੈ ਪਰ ਸਕੂਟਰੀ ਸਵਾਰ ਵਿਅਕਤੀ ਨੂੰ ਸੱਟਾਂ ਲੱਗਣ ਕਾਰਨ ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਟਰੈਕਟਰ-ਟਰਾਲੀ ਖਾਦ ਨਾਲ ਓਵਰਲੋਡ ਹਾਲਾਤ ਵਿਚ ਫਾਜ਼ਿਲਕਾ ਵਾਲੀ ਸਾਈਡ ਤੋਂ ਆ ਰਹੀ ਸੀ ਅਤੇ ਇੱਥੇ ਐੱਫ. ਐੱਫ. ਮੁੱਖ ਮਾਰਗ ’ਤੇ ਅਨਾਜ ਮੰਡੀ ਦੇ ਗੇਟ ਕੋਲ ਮੁੜਨ ਲੱਗੀ ਤਾਂ ਅਚਾਨਕ ਟਰੈਕਟਰ ਅਗਲੇ ਪਾਸੇ ਤੋਂ ਉੱਪਰ ਚੁੱਕਿਆ ਗਿਆ ਅਤੇ ਇੰਨੇ ਨੂੰ ਸੜਕ 'ਤੇ ਆ ਰਹੀ ਇਕ ਐਕਟਿਵਾ ਉਸਦੀ ਲਪੇਟ ਵਿਚ ਆ ਗਈ। ਟਰੈਕਟਰ ਦਾ ਟਾਇਰ ਉਪਰ ਚੜ੍ਹਨ ਕਾਰਨ ਐਕਟਿਵਾ ਨੁਕਸਾਨੀ ਗਈ, ਉੱਥੇ ਹੀ ਐਕਟਿਵਾ ਚਾਲਕ ਨੂੰ ਸੱਟਾਂ ਲੱਗ ਗਈਆ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਇਸ ਹਾਦਸੇ ਬਾਰੇ ਜਿਵੇਂ ਹੀ ਟ੍ਰੈਫਿਕ ਪੁਲਸ ਨੂੰ ਪਤਾ ਲੱਗਿਆ ਤਾਂ ਟ੍ਰੈਫਿਕ ਇੰਚਾਰਜ ਸੂਰਜ ਭਾਨ ਮੌਕੇ 'ਤੇ ਪਹੁੰਚ ਗਏ ਅਤੇ ਟਰੈਕਟਰ ਨੂੰ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਾਈ ਗਈ। ਟ੍ਰੈਫਿਕ ਪੁਲਸ ਇੰਚਾਰਜ ਨੇ ਕਿਹਾ ਕਿ ਇਸ ਹਾਦਸੇ ਦੇ ਦੌਰਾਨ ਐਕਟਿਵਾ ਚਾਲਕ ਵਿਅਕਤੀ ਨੂੰ ਸੱਟਾ ਲੱਗਣ ਕਾਰਨ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।


author

Babita

Content Editor

Related News