ਲੁਟੇਰਿਆਂ ਵੱਲੋਂ ਜੇਬ ਖਿੱਚਣ ਕਾਰਨ ਸਕੂਟਰ ਤੋਂ ਡਿੱਗਿਆ ਵਿਅਕਤੀ, ਮੌਤ

Wednesday, Dec 04, 2024 - 05:20 AM (IST)

ਫਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਖੁੱਲਰ) : ਫਿਰੋਜ਼ਪੁਰ ਛਾਉਣੀ ਦੇ ਡੀ. ਏ. ਵੀ. ਕਾਲਜ ਦੇ ਸਾਹਮਣੇ 2 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਸਕੂਟਰ ’ਤੇ ਜਾ ਰਹੇ ਇਕ ਵਿਅਕਤੀ ਦੇ ਕੁੜਤੇ ਦੀ ਜੇਬ ਖਿੱਚ ਕੇ ਫ਼ਰਾਰ ਹੋ ਗਏ ਅਤੇ ਸਕੂਟਰ ਚਾਲਕ ਸੜਕ ’ਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਘਟਨਾ ਸਬੰਧੀ ਥਾਣਾ ਫਿਰੋਜ਼ਪੁਰ ਛਾਉਣੀ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਪਤਨੀ ਜਸਮੇਰ ਸਿੰਘ ਵਾਸੀ ਬਸਤੀ ਟੈਕਾਂ ਫਿਰੋਜ਼ਪੁਰ ਦੇ ਬਿਆਨਾਂ ਦੇ ਆਧਾਰ ’ਤੇ 2 ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਅਤੇ ਲਿਖਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਹ ਆਪਣੇ ਪਤੀ ਜਸਮੇਰ ਸਿੰਘ (68) ਨਾਲ ਸਕੂਟਰ ’ਤੇ ਸਟੇਟ ਬੈਂਕ ਆਫ ਇੰਡੀਆ ਫਿਰੋਜ਼ਪੁਰ ਕੈਂਟ ਤੋਂ ਆਪਣੇ ਘਰ ਵੱਲ ਜਾ ਰਹੀ ਸੀ ਅਤੇ ਜਦੋਂ ਉਹ ਡੀ. ਏ. ਵੀ. ਕਾਲਜ ਦੇ ਸਾਹਮਣੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਆ ਕੇ ਉਸ ਦੇ ਪਤੀ ਦੇ ਕੁੜਤੇ ਦੀ ਜੇਬ ਖਿੱਚ ਲਈ ਅਤੇ ਉਨ੍ਹਾਂ ਦਾ ਸਕੂਟਰ ਲੜਖੜਾ ਕੇ ਸੜਕ ’ਤੇ ਡਿੱਗ ਗਿਆ ਅਤੇ ਉਸ ਦੇ ਪਤੀ ਜਸਮੇਰ ਸਿੰਘ ਦੇ ਸਿਰ ’ਤੇ ਸੱਟ ਲੱਗ ਗਈ। ਇਸ ਦੌਰਾਨ ਉਨ੍ਹਾਂ ਨੂੰ ਤੁਰੰਤ ਫਿਰੋਜ਼ਪੁਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਨੂੰ ਬਾਅਦ ’ਚ ਮੋਗਾ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਫੇਂਗਲ ਤੂਫ਼ਾਨ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਮੰਤਰੀ ਨੂੰ ਪਿਆ ਮਹਿੰਗਾ, ਗੁੱਸੇ 'ਚ ਲੋਕਾਂ ਨੇ ਸੁੱਟਿਆ ਚਿੱਕੜ

ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਤੇ ਵੀ ਪਤਾ ਲੱਗਾ ਕਿ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸ ਦੇ ਪਤੀ ਦੇ ਕੁੜਤੇ ਦੀ ਜੇਬ ਖਿੱਚ ਲਈ ਗਈ, ਜਿਸ ਕਾਰਨ ਉਹ ਸਕੂਟਰ ਤੋਂ ਡਿੱਗ ਪਏ ਅਤੇ ਜਸਮੇਰ ਸਿੰਘ ਦੇ ਸਿਰ ’ਤੇ ਸੱਟ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News