ਸਿਸਟਮ ਤੋਂ ਪ੍ਰੇਸ਼ਾਨ ਅਪਾਹਜ ਵਿਅਕਤੀ ਨੇ ਪ੍ਰਧਾਨ ਮੰਤਰੀ ਖਿਲਾਫ਼ ਖੋਲ੍ਹਿਆ ਮੋਰਚਾ

10/23/2017 12:38:30 AM

ਬਠਿੰਡਾ  (ਸੁਖਵਿੰਦਰ) - ਕੇਂਦਰ ਸਰਕਾਰ ਦੇ ਸਿਸਟਮ ਤੋਂ ਪ੍ਰੇਸ਼ਾਨ ਇਕ ਅਪਾਹਜ ਵਿਅਕਤੀ ਵੱਲੋਂ ਆਪਣੇ ਟਰਾਈਸਾਈਕਲ 'ਤੇ 'ਮੋਦੀ ਭਜਾਓ, ਪੰਜਾਬ ਬਚਾਓ' ਦਾ ਬੋਰਡ ਲਾ ਕੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣ ਦੀ ਅਪੀਲ ਕੀਤੀ ਜਾ ਰਹੀ ਹੈ।  ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਵਾਸੀ ਬਠਿੰਡਾ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਕਤ ਵਿਅਕਤੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਇੰਨਾ ਤੰਗ ਆ ਚੁੱਕਾ ਹੈ ਕਿ ਉਸ ਨੇ ਹੁਣ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪੀੜਤ ਵੱਲੋਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਖਿਲਾਫ਼ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਨੋਦ ਕੁਮਾਰ ਨੇ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ। ਸਾਲ 2004 ਵਿਚ ਇਕ ਸੜਕ ਹਾਦਸੇ ਦੌਰਾਨ ਉਹ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਿਆ ਸੀ। ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਦੀ ਵੀ ਮੌਤ ਹੋ ਗਈ।  ਵਿਨੋਦ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਪਾਹਜ ਪੈਨਸ਼ਨ ਲਾਉਣ ਲਈ ਵਿਭਾਗ ਦੇ ਚੱਕਰ ਕੱਟਦਾ ਆ ਰਿਹਾ ਸੀ ਪਰ ਪ੍ਰਸ਼ਾਸਨ ਵੱਲੋਂ ਸਕੀਮ ਨਾ ਹੋਣ ਕਾਰਨ ਅਧਿਕਾਰੀ ਉਸ ਨੂੰ ਹਮੇਸ਼ਾ ਟਾਲ-ਮਟੋਲ ਕਰਦੇ ਰਹੇ। ਰੋਟੀ ਲਈ ਪੈਸੇ ਨਾ ਹੋਣ ਕਾਰਨ ਮਜਬੂਰਨ ਉਸ ਨੇ ਭੀਖ ਮੰਗ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਬੀਤੇ ਦਿਨੀ 'ਜਗ ਬਾਣੀ' ਵਿਚ ਛਪੀ ਉਸ ਦੀ ਖਬਰ ਤੋਂ ਬਾਅਦ ਹੀ ਅਧਿਕਾਰੀਆਂ ਨੇ ਉਸ ਦੀ ਪੈਨਸ਼ਨ ਤਾਂ ਲਾ ਦਿੱਤੀ ਪਰ ਇਸ ਤਰ੍ਹਾਂ ਅਨੇਕਾਂ ਹੀ ਲੋੜਵੰਦ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ।


Related News