ਨਸ਼ੇ ਨੇ ਉਜਾੜਿਆ ਘਰ, ਦੋ ਬੱਚੀਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ

Monday, Feb 10, 2020 - 03:49 PM (IST)

ਨਸ਼ੇ ਨੇ ਉਜਾੜਿਆ ਘਰ, ਦੋ ਬੱਚੀਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ

ਜਲੰਧਰ (ਵਰੁਣ)— ਨਸ਼ੇ ਦੀ ਓਵਰਡੋਜ਼ ਨਾਲ ਫੌਜ ਦੇ ਰਿਟਾਇਰ ਸੂਬੇਦਾਰ ਦੇ ਇਕਲੌਤੇ ਬੇਟੇ ਦੀ ਮੌਤ ਹੋ ਗਈ। ਨਸ਼ੇ ਕਾਰਨ ਜਾਨ ਗਵਾਉਣ ਵਾਲਾ ਇਹ ਵਿਅਕਤੀ ਦੋ ਛੋਟੀ ਬੇਟੀਆਂ ਦਾ ਬਾਪ ਸੀ। ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲਾ ਇਹ ਵਿਅਕਤੀ ਸ਼ਨੀਵਾਰ ਦੁਪਹਿਰ 1 ਵਜੇ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਐਤਵਾਰ ਦੁਪਹਿਰ ਕਰੀਬ 4 ਵਜੇ ਅੰਮ੍ਰਿਤਸਰ ਬਾਈਪਾਸ ਸਥਿਤ ਡਬਲਯੂ. ਜੇ. ਗ੍ਰੈਂਡ ਹੋਟਲ ਸਾਹਮਣੇ ਸਥਿਤ ਖਾਲੀ ਪਲਾਟ 'ਚੋਂ ਮਿਲੀ।

ਮ੍ਰਿਤਕ ਦੀ ਪਛਾਣ ਰਣਜੀਤ ਸਿੰਘ (40) ਪੁੱਤਰ ਜਗੀਰ ਸਿੰਘ ਵਾਸੀ ਨਿਊ ਰਵਿਦਾਸ ਨਗਰ ਜਿੰਦਾ ਰੋਡ ਵਜੋਂ ਹੋਈ ਹੈ। ਰਣਜੀਤ ਸਿੰਘ ਕਾਫ਼ੀ ਸਮੇਂ ਤੋਂ ਇੰਜੈਕਸ਼ਨ ਅਤੇ ਮੈਡੀਕਲ ਨਸ਼ਾ ਲੈ ਰਿਹਾ ਸੀ। ਉਸ ਦੇ ਪਰਿਵਾਰ ਵਾਲੇ ਨਸ਼ਾ ਛੁਡਵਾਉਣ ਲਈ ਇਲਾਜ ਵੀ ਕਰਵਾ ਰਹੇ ਸਨ ਪਰ ਇਸ ਦੇ ਬਾਵਜੂਦ ਰਣਜੀਤ ਨਸ਼ੇ ਦੀ ਦਲਦਲ 'ਚੋਂ ਬਾਹਰ ਨਹੀਂ ਆ ਸਕਿਆ। ਥਾਣਾ ਨੰ. 1 ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਰਣਜੀਤ ਜਿੰਦਾ ਰੋਡ 'ਤੇ ਹੀ ਏ. ਸੀ., ਫ੍ਰਿਜ ਆਦਿ ਦੀ ਰਿਪੇਅਰ ਕਰਨ ਦੀ ਦੁਕਾਨ ਚਲਾਉਂਦਾ ਸੀ। ਉਹ ਸ਼ਨੀਵਾਰ ਨੂੰ ਦੁਪਹਿਰ 1 ਵਜੇ ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ।

ਐਤਵਾਰ ਨੂੰ ਰਣਜੀਤ ਦੇ ਪਰਿਵਾਰ ਵਾਲੇ ਥਾਣਾ ਨੰ. 1 'ਚ ਲਾਪਤਾ ਹੋਣ ਦੀ ਸੂਚਨਾ ਵੀ ਦੇ ਆਏ ਪਰ ਦੁਪਹਿਰ 4 ਵਜੇ ਉਸ ਦੀ ਲਾਸ਼ ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਸਥਿਤ ਡਬਲਿਊ ਜੇ. ਗ੍ਰੈਂਡ ਹੋਟਲ ਦੇ ਸਾਹਮਣੇ ਸਰਵਿਸ ਲੇਨ ਦੇ ਨਾਲ ਪੈਂਦੇ ਇਕ ਖਾਲੀ ਪਲਾਟ 'ਚੋਂ ਮਿਲੀ। ਮੌਕੇ ਤੋਂ ਪੁਲਸ ਨੂੰ ਫਿਲਹਾਲ ਨਸ਼ੇ ਲਈ ਇਸਤੇਮਾਲ ਕੀਤੀ ਗਈ ਕੋਈ ਵਸਤੂ ਨਹੀਂ ਮਿਲੀ ਹੈ। ਰਣਜੀਤ ਸਿੰਘ ਦੇ ਪਰਿਵਾਰ ਵਾਲੇ ਨਸ਼ਾ ਛੁਡਵਾਉਣ ਲਈ ਉਸ ਦੇ ਇਲਾਜ 'ਚ ਲੱਖਾਂ ਰੁਪਏ ਵੀ ਲਾ ਚੁੱਕੇ ਸਨ ਪਰ ਉਹ ਆਪਣੇ ਇਕਲੌਤੇ ਬੇਟੇ ਨੂੰ ਨਸ਼ੇ ਦੀ ਦਲਦਲ 'ਚੋਂ ਨਹੀਂ ਕੱਢ ਸਕੇ।

ਨਸ਼ੇ ਨੇ ਖੋਹਿਆ ਦੋ ਬੱਚੀਆਂ ਤੋਂ ਪਿਤਾ ਦਾ ਸਾਇਆ
ਨਸ਼ੇ ਨੇ ਦੋ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਤੋਂ ਪਿਤਾ ਦਾ ਸਾਇਆ ਖੋਹ ਲਿਆ। ਰਣਜੀਤ ਦੀ ਇਕ ਬੇਟੀ 11 ਸਾਲ ਅਤੇ ਦੂਜੀ 13 ਸਾਲ ਦੀ ਹੈ। ਦੋਵੇਂ ਪੜ੍ਹਦੀਆਂ ਹਨ। ਬਜ਼ੁਰਗ ਮਾਤਾ-ਪਿਤਾ ਦੇ ਇਕਲੌਤੇ ਬੇਟੇ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ 'ਚ ਸ਼ੋਕ ਦੀ ਲਹਿਰ ਸੀ।

ਜਿਸ ਜਗ੍ਹਾ ਤੋਂ ਲਾਸ਼ ਮਿਲੀ ਉਸ ਦੇ ਬਿਲਕੁਲ ਕੋਲ ਹੀ ਸੀ ਠੇਕਾ
ਪੁਲਸ ਦੀ ਮੰਨੀਏ ਤਾਂ ਨਸ਼ੇ ਦੀ ਗੱਲ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ ਪਰ ਰਣਜੀਤ ਸ਼ਰਾਬ ਪੀਣ ਦਾ ਵੀ ਆਦੀ ਸੀ। ਥਾਣਾ ਨੰ. 1 ਦੇ ਮੁਖੀ ਸੁਖਬੀਰ ਸਿੰਘ ਨੇ ਕਿਹਾ ਕਿ ਰਣਜੀਤ ਦੀ ਲਾਸ਼ ਕੋਲ ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਹਾਲਾਂਕਿ ਰਣਜੀਤ ਦੀ ਬਾਂਹ 'ਚ ਕੱਟ ਦੇ ਕਾਫ਼ੀ ਨਿਸ਼ਾਨ ਸਨ। ਪੁਲਸ ਦਾ ਮੰਨਣਾ ਹੈ ਕਿ ਜਿਸ ਖਾਲੀ ਪਲਾਟ 'ਚੋਂ ਰਣਜੀਤ ਦੀ ਲਾਸ਼ ਮਿਲੀ ਹੈ ਉਸ ਦੇ ਬਿਲਕੁਲ ਕੋਲ ਹੀ ਸ਼ਰਾਬ ਦਾ ਠੇਕਾ ਹੈ। ਹੋ ਸਕਦਾ ਹੈ ਕਿ ਸ਼ਰਾਬ ਜ਼ਿਆਦਾ ਪੀਣ ਕਾਰਨ ਰਣਜੀਤ ਦੀ ਮੌਤ ਹੋਈ ਹੋਵੇ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਰਣਜੀਤ ਦੀ ਮੌਤ ਦੇ ਕੀ ਕਾਰਨ ਸਨ।

ਇਨ੍ਹਾਂ ਥਾਵਾਂ 'ਤੇ ਵਿਕ ਰਿਹਾ ਹਰ ਇਕ ਤਰ੍ਹਾਂ ਦਾ ਨਸ਼ਾ
ਜਲੰਧਰ 'ਚ ਮੈਡੀਕਲ ਨਸ਼ੇ ਤੋਂ ਲੈ ਕੇ ਸਮੈਕ, ਚਰਸ, ਗਾਂਜਾ, ਹੈਰੋਇਨ ਅਜੇ ਵੀ ਵਿਕ ਰਿਹਾ ਹੈ। ਸਭ ਤੋਂ ਜ਼ਿਆਦਾ ਕਾਜ਼ੀ ਮੰਡੀ, ਮਖਦੂਮਪੁਰਾ, ਸੰਤੋਖਪੁਰਾ ਦੇ ਆਲੇ-ਦੁਆਲੇ ਦੇ ਇਲਾਕੇ, ਕੈਂਟ, ਬਸਤੀਆਤ ਇਲਾਕਾ ਇਥੋਂ ਤੱਕ ਕਿ ਪਾਸ਼ ਇਲਾਕੇ ਅਰਬਨ ਅਸਟੇਟ 'ਚ ਵੀ ਹੈਰੋਇਨ ਤੋਂ ਲੈ ਕੇ ਛੋਟਾ-ਮੋਟਾ ਨਸ਼ਾ ਵੇਚਿਆ ਜਾ ਰਿਹਾ ਹੈ। ਇਹ ਲੋਕ ਜਲੰਧਰ ਰੂਰਲ ਇਲਾਕੇ ਤੋਂ ਨਸ਼ਾ ਲਿਆ ਕੇ ਸਿਟੀ ਦੇ ਏਰੀਏ 'ਚ ਵੇਚਦੇ ਹਨ। ਜਲੰਧਰ 'ਚ ਵਿਕ ਰਿਹਾ ਸਾਰਾ ਮੈਡੀਕਲ ਨਸ਼ਾ ਸਹਾਰਨਪੁਰ ਤੋਂ ਖਰੀਦ ਕੇ ਲਿਆਇਆ ਜਾ ਰਿਹਾ ਹੈ।


author

shivani attri

Content Editor

Related News