ਮਾਛੀਵਾੜਾ 'ਚ ਦਰਦਨਾਕ ਘਟਨਾ : ਸਹੁਰੇ ਪਿੰਡ ਜਾ ਕੇ ਵਿਅਕਤੀ ਨੇ ਖ਼ਾਧਾ ਜ਼ਹਿਰ, ਪਤਨੀ ਨਾਲ ਹੋ ਚੁੱਕਾ ਸੀ ਤਲਾਕ
Tuesday, Jun 21, 2022 - 03:28 PM (IST)
ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਬਹਿਲੋਲਪੁਰ 'ਚ ਗੁਰਦੀਪ ਸਿੰਘ ਵਾਸੀ ਪਿੰਡ ਰੋਸੜਾ, ਥਾਣਾ ਨੂਰਪੁਰ ਬੇਦੀ ਨੇ ਵੀਡੀਓ ਵਾਇਰਲ ਕਰਕੇ ਖ਼ੁਦਕੁਸ਼ੀ ਕਰ ਲਈ। ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਸਹੁਰੇ ਪਰਿਵਾਰ ਨੂੰ ਠਹਿਰਾਇਆ, ਜਿਸ ’ਤੇ ਮਾਛੀਵਾੜਾ ਪੁਲਸ ਨੇ ਮ੍ਰਿਤਕ ਦੇ ਸਹੁਰੇ ਸੋਹਣ ਸਿੰਘ, ਸੱਸ ਰਾਜਵਿੰਦਰ ਕੌਰ ਅਤੇ ਸਾਲੇ ਹਨੀ ਤੇ ਹਰਸ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਪੁੱਤਰ ਗੁਰਦੀਪ ਸਿੰਘ ਦਾ ਵਿਆਹ ਸਾਲ 2018 ’ਚ ਬਹਿਲੋਲਪੁਰ ਵਾਸੀ ਸੋਹਣ ਸਿੰਘ ਦੀ ਪੁੱਤਰੀ ਰਣਜੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਗੁਰਫਤਹਿ ਪੈਦਾ ਹੋਇਆ, ਜਿਸ ਦੀ ਉਮਰ ਹੁਣ 3 ਸਾਲ ਹੈ। ਬਿਆਨਕਰਤਾ ਅਨੁਸਾਰ ਕਰੀਬ 1 ਸਾਲ ਪਹਿਲਾਂ ਉਸਦੇ ਪੁੱਤਰ ਗੁਰਦੀਪ ਸਿੰਘ ਦਾ ਆਪਣੀ ਪਤਨੀ ਰਣਜੀਤ ਕੌਰ ਨਾਲ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ, ਜਿਸ ਕਾਰਨ ਉਸ ਦਾ ਪੋਤਾ ਆਪਣੀ ਮਾਂ ਨਾਲ ਬਹਿਲੋਲਪੁਰ ਪੇਕੇ ਘਰ ਵਿਖੇ ਰਹਿੰਦਾ ਸੀ।
ਇਹ ਵੀ ਪੜ੍ਹੋ : ਕਪੂਰਥਲਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਸਿਰਫਿਰੇ ਨੇ ਔਰਤ 'ਤੇ ਸੁੱਟਿਆ ਤੇਜ਼ਾਬ
ਕਰੀਬ 2 ਮਹੀਨੇ ਪਹਿਲਾਂ ਰਣਜੀਤ ਕੌਰ ਕੈਨੇਡਾ ਚਲੀ ਗਈ, ਜਦੋਂ ਕਿ ਉਸ ਦਾ ਪੋਤਾ ਗੁਰਫਤਹਿ ਨਾਨਕੇ ਪਿੰਡ ਬਹਿਲੋਲਪੁਰ ਵਿਖੇ ਹੀ ਰਹਿ ਰਿਹਾ ਸੀ। ਤਲਾਕਨਾਮਾ ਲਿਖ਼ਣ ਸਮੇਂ ਪੰਚਾਇਤੀ ਤੌਰ ’ਤੇ ਇਹ ਗੱਲ ਤੈਅ ਹੋਈ ਸੀ ਕਿ ਉਸ ਦਾ ਪੁੱਤਰ ਗੁਰਦੀਪ ਸਿੰਘ ਅਤੇ ਸਾਰਾ ਦਾਦਕਾ ਪਰਿਵਾਰ ਆਪਣੇ ਪੋਤੇ ਗੁਰਫਤਹਿ ਨੂੰ ਨਾਨਕੇ ਪਿੰਡ ਆ ਕੇ ਮਿਲ ਸਕਦਾ ਹੈ। ਕਰੀਬ 10 ਦਿਨ ਪਹਿਲਾਂ ਵੀ ਮੇਰਾ ਪੁੱਤਰ ਆਪਣੇ ਪੁੱਤਰ ਗੁਰਫਤਹਿ ਨੂੰ ਮਿਲਣ ਗਿਆ ਕਿਉਂਕਿ ਉਸਦੀ ਸਿਹਤ ਖ਼ਰਾਬ ਸੀ। ਉਸ ਤੋਂ ਬਾਅਦ ਲੰਘੀ 15 ਜੂਨ ਨੂੰ ਵੀ ਗੁਰਦੀਪ ਸਿੰਘ ਅਤੇ ਅਸੀਂ ਸਾਰੇ ਪਰਿਵਾਰਿਕ ਮੈਂਬਰ ਆਪਣੇ ਪੋਤੇ ਗੁਰਫਤਹਿ ਦਾ ਪਤਾ ਲੈਣ ਬਹਿਲੋਲਪੁਰ ਆਏ ਸੀ ਅਤੇ ਵਾਪਸ ਚਲੇ ਗਏ ਸੀ। 20 ਜੂਨ ਨੂੰ ਗੁਰਦੀਪ ਸਿੰਘ ਆਪਣੀ ਵਰਨਾ ਕਾਰ ’ਤੇ ਸਵਾਰ ਹੋ ਕੇ ਘਰੋਂ ਚਲਾ ਗਿਆ ਅਤੇ ਕਰੀਬ ਦੁਪਹਿਰ 12 ਵਜੇ ਉਸਨੇ ਛੋਟੇ ਭਰਾ ਗੁਰਪ੍ਰੀਤ ਸਿੰਘ ਨੂੰ ਵਟਸਐਪ ’ਤੇ ਵੀਡੀਓ ਭੇਜੀ, ਜਿਸ 'ਚ ਉਹ ਕਹਿ ਰਿਹਾ ਸੀ ਕਿ ਮੈਂ ਜਦੋਂ ਵੀ ਆਪਣੇ ਪੁੱਤਰ ਗੁਰਫਤਹਿ ਨੂੰ ਸਹੁਰੇ ਘਰ ਮਿਲਣ ਜਾਂਦਾ ਹਾਂ ਤਾਂ ਉੱਥੇ ਮੇਰਾ ਸਹੁਰਾ ਸੋਹਣ ਸਿੰਘ, ਸੱਸ ਰਾਜਵਿੰਦਰ ਕੌਰ ਅਤੇ ਸਾਲੇ ਹਨੀ ਤੇ ਹਰਸ਼ ਮੈਨੂੰ ਧਮਕੀਆਂ ਦਿੰਦੇ ਹਨ, ਜਦੋਂ ਕਿ ਮੈਂ ਆਪਣੇ ਪੁੱਤ ਨੂੰ ਮਿਲ ਕੇ ਵਾਪਸ ਆ ਜਾਂਦਾ ਹਾਂ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ ਗਰਮੀ ਦੇ ਬਾਵਜੂਦ ਵੀ ਇਸ ਬੀਮਾਰੀ ਨੇ ਦਿੱਤੀ ਦਸਤਕ, 3 ਮਰੀਜ਼ ਆਏ ਸਾਹਮਣੇ
ਮ੍ਰਿਤਕ ਨੇ ਇਹ ਵੀ ਕਿਹਾ ਕਿ ਮੇਰੇ ਸਹੁਰੇ ਨੇ ਧੱਕੇ ਨਾਲ ਮੇਰਾ ਤਲਾਕ ਕਰਵਾਇਆ ਹੈ, ਜਦਕਿ ਮੇਰੀ ਪਤਨੀ ਮੇਰੇ ਕੋਲ ਆਉਣਾ ਚਾਹੁੰਦੀ ਹੈ, ਇਸ ਲਈ ਮੇਰੀ ਮੌਤ ਦਾ ਜ਼ਿੰਮੇਵਾਰ ਮੇਰਾ ਸਹੁਰਾ ਪਰਿਵਾਰ ਹੋਵੇਗਾ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਸ ਦੇ ਕੁੱਝ ਸਮੇਂ ਬਾਅਦ ਸਾਨੂੰ ਬਹਿਲੋਲਪੁਰ ਤੋਂ ਸੋਹਣ ਸਿੰਘ ਦਾ ਫੋਨ ਆਇਆ ਕਿ ਉਨ੍ਹਾਂ ਦਾ ਪੁੱਤਰ ਗੁਰਦੀਪ ਸਿੰਘ ਪਿੰਡ ਵਿਖੇ ਆਇਆ ਹੈ, ਜੋ ਕਿ ਬਿਜਲੀ ਘਰ ਨੇੜੇ ਹੈ। ਜਦੋਂ ਅਸੀਂ ਪਿੰਡ ਬਹਿਲੋਲਪੁਰ ਪੁੱਜੇ ਤਾਂ ਉੱਥੇ ਗੁਰਦੀਪ ਸਿੰਘ ਜ਼ਮੀਨ ’ਤੇ ਡਿੱਗਿਆ ਪਿਆ ਸੀ ਅਤੇ ਉਸ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ, ਜਿਸ ’ਤੇ ਅਸੀਂ ਤੁਰੰਤ ਉਸ ਨੂੰ ਚਮਕੌਰ ਸਾਹਿਬ ਦੇ ਹਸਪਤਾਲ ਲੈ ਕੇ ਗਏ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਪੀ. ਜੀ. ਆਈ. ਰੈਫ਼ਰ ਕਰ ਦਿੱਤਾ, ਜਿਸ ਦੀ ਰਾਹ ’ਚ ਜਾਂਦਿਆਂ ਮੌਤ ਹੋ ਗਈ। ਮਰਨ ਤੋਂ ਪਹਿਲਾਂ ਵੀ ਗੁਰਦੀਪ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਸਹੁਰੇ, ਸੱਸ ਅਤੇ ਸਾਲਿਆਂ ਤੋਂ ਤੰਗ-ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹੈ। ਪੁਲਸ ਵੱਲੋਂ ਨੌਜਵਾਨ ਗੁਰਦੀਪ ਸਿੰਘ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਪਰਚਾ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ