ਬੇਰੁਜ਼ਗਾਰੀ ਤੇ ਬੀਮਾਰੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Wednesday, Jan 27, 2021 - 03:40 PM (IST)

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਅਰਬਨ ਅਸਟੇਟ ਇਲਾਕੇ 'ਚ ਬੇਰੁਜ਼ਗਾਰੀ ਅਤੇ ਬੀਮਾਰੀ ਤੋਂ ਪਰੇਸ਼ਾਨ ਵਿਅਕਤੀ ਨੇ ਆਪਣੇ ਹੀ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਰਵੀਨ ਕੁਮਾਰ ਉਮਰ 40 ਸਾਲ ਦੇ ਰੂਪ 'ਚ ਹੋਈ। ਇਹ ਘਟਨਾ 26 ਜਨਵਰੀ ਦੀ ਹੈ। ਪਰਵੀਨ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ 'ਚ ਚਲਾ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਰਮੇਸ਼ ਕੁਮਾਰ ਨੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਦੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। ਮਾਮਲੇ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਰਵੀਨ ਕੁਮਾਰ ਦੇ ਪਿਤਾ ਰਮੇਸ਼ ਕੁਮਾਰ ਦੇ ਮੁਤਾਬਕ ਪਰਵੀਨ ਕੁਮਾਰ ਅਤੇ ਉਸ ਦਾ ਪਿਤਾ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦੇ ਸਨ ਪਰ ਤਾਲਾਬੰਦੀ ਕਾਰਨ ਕੰਮ ਬੰਦ ਹੋ ਗਿਆ ਅਤੇ ਬਾਅਦ 'ਚ ਉਹ ਬੀਮਾਰ ਹੋ ਗਿਆ। ਬੀਮਾਰੀ ਕਾਰਨ ਉਹ ਕੰਮ 'ਤੇ ਵੀ ਨਹੀਂ ਜਾ ਸਕਿਆ, ਜਿਸ ਕਾਰਨ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਇਹ ਕਦਮ ਚੁੱਕਿਆ।