ਪਤਨੀ ਤੋਂ ਦੁਖੀ ਵਿਅਕਤੀ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ
Tuesday, Oct 20, 2020 - 01:57 PM (IST)
ਸਮਾਣਾ (ਦਰਦ) : ਪਤਨੀ ਦੇ ਚਰਿੱਤਰ 'ਤੇ ਸ਼ੱਕ ਅਤੇ ਉਸ ਨਾਲ ਲਗਾਤਾਰ ਝਗੜੇ ਤੋਂ ਦੁਖੀ 38 ਸਾਲਾ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸਿਟੀ ਪੁਲਸ ਨੇ ਮ੍ਰਿਤਕ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ।
ਸਿਟੀ ਥਾਣਾ ਮੁਖੀ ਸਬ-ਇੰਸਪੈਕਟਰ ਕਰਨਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜੇਸ਼ ਕੁਮਾਰ (38) ਪੁੱਤਰ ਅਲਖ ਰਾਮ ਵਾਸੀ ਮੋਤੀਆਂ ਬਾਜ਼ਾਰ, ਸਮਾਣਾ ਦੇ ਪੁੱਤਰ ਰਜਤ ਵੱਲੋਂ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਪਿਤਾ ਉਸ ਦੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਾਰਣ ਉਸ ਦੇ ਮਾਤਾ-ਪਿਤਾ ’ਚ ਹਮੇਸ਼ਾ ਝਗੜਾ ਰਹਿੰਦਾ ਸੀ ਅਤੇ ਝਗੜਾ ਕਰ ਕੇ ਉਸ ਦੀ ਮਾਤਾ ਆਪਣੇ ਪੇਕੇ ਚਲੀ ਜਾਂਦੀ ਸੀ। ਪਰਿਵਾਰ ਦੇ ਲੋਕ ਉਸ ਨੂੰ ਸਮਝਾ ਕੇ ਵਾਪਸ ਘਰ ਲੈ ਆਉਂਦੇ ਸਨ। 2 ਮਹੀਨੇ ਪਹਿਲਾਂ ਵੀ ਪਿਤਾ ਨਾਲ ਲੜਾਈ-ਝਗੜਾ ਕਰ ਕੇ ਉਸ ਦੀ ਮਾਂ ਪੇਕੇ ਪਟਿਆਲਾ ਚਲੀ ਗਈ।
ਉਹ ਜਾਂਦੇ ਸਮੇਂ ਉਸ ਨੂੰ ਅਤੇ ਉਸ ਦੀ ਭੈਣ ਨੂੰ ਵੀ ਨਾਲ ਲੈ ਗਈ ਪਰ ਇਕ ਮਹੀਨਾ ਪਹਿਲਾਂ ਉਹ ਆਪਣੇ ਪਿਤਾ ਕੋਲ ਸਮਾਣਾ ਵਾਪਸ ਆ ਗਿਆ। ਸ਼ਿਕਾਇਤ ਅਨੁਸਾਰ ਉਸ ਦੇ ਪਿਤਾ ਵੱਲੋਂ ਰੋਕਣ ਦੇ ਬਾਵਜੂਦ ਉਸ ਦੀ ਮਾਂ ਆਪਣੇ ਚਰਿੱਤਰ ਤੋਂ ਬਾਜ਼ ਨਹੀਂ ਆਈ, ਜਿਸ ਕਰ ਕੇ ਉਸ ਦਾ ਪਿਤਾ ਦੁਖੀ ਅਤੇ ਪਰੇਸ਼ਾਨ ਰਹਿੰਦਾ ਸੀ। ਇਸ ਦੁਖ ਕਾਰਣ ਐਤਵਾਰ ਦੁਪਹਿਰ ਬਾਅਦ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਸ਼ਹਿਰ ਦੀ ਵਾਤਾਵਰਣ ਪਾਰਕ ਨੇੜੇ ਜਾ ਕੇ ਉਸ ਦੇ ਪਿਤਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ।
ਹਾਲਤ ਵਿਗੜਣ ’ਤੇ ਉਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਮੁੱਢਲੀ ਡਾਕਟਰੀ ਸਹਾਇਤਾ ਦੇਣ ਉਪਰੰਤ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਸ਼ਾਮ ਸਮੇਂ ਉਸ ਦੀ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਪੁੱਤਰ ਰਜਤ ਦੇ ਬਿਆਨਾਂ ਦੇ ਆਧਾਰ ’ਤੇ ਰਾਣੀ ਪੁਤਰੀ ਬੰਸੀ ਲਾਲ ਵਾਸੀ ਏਕਤਾ ਨਗਰ ਪਟਿਆਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪਟਿਆਲਾ ਸਥਿਤ ਉਸ ਦੇ ਪੇਕੇ ਘਰ ਛਾਪਾ ਮਾਰਿਆ ਗਿਆ ਪਰ ਮ੍ਰਿਤਕ ਦੀ ਪਤਨੀ ਰਾਣੀ ਫਰਾਰ ਹੋ ਗਈ।