ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ

Friday, Jan 26, 2018 - 06:36 AM (IST)

ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ

ਭੀਖੀ  (ਸੰਦੀਪ) - ਪਿੰਡ ਮੱਤੀ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪ੍ਰੇਸ਼ਾਨ ਇਕ ਵਿਅਕਤੀ ਵੱਲੋਂ ਆਤਮ-ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭੀਖੀ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਮਿੱਠੂ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਿਤਾ ਬੱਸ 'ਤੇ ਕੰਡਕਟਰ ਸੀ ਅਤੇ ਮੇਰੇ ਪਿਤਾ ਨੇ ਮੈਨੇਜਰ ਰਜਿੰਦਰ ਕੁਮਾਰ ਤੋਂ 25 ਹਜ਼ਾਰ ਰੁਪਏ ਲੈਣੇ ਸਨ। ਇਸ ਤੋਂ ਇਲਾਵਾ ਮੇਰੇ ਪਿਤਾ ਦਾ ਜੱਸੀ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਬਰਨਾਲਾ, ਬਲਜੀਤ ਸਿੰਘ ਉਰਫ ਲਿਬੜਾ ਅਤੇ ਉਸ ਦੇ ਮਾਮੇ ਬਲਵੀਰ ਸਿੰਘ ਵਾਸੀ ਪੱਖੋਂ ਕੈਂਚੀਆਂ ਨਾਲ ਪੈਸਿਆਂ ਦਾ ਲੈਣ-ਦੇਣ ਚੱਲਦਾ ਸੀ। ਉਕਤ ਵਿਅਕਤੀ ਮੇਰੇ ਪਿਤਾ ਨੂੰ ਬਦਨਾਮ ਕਰਦੇ ਸਨ ਅਤੇ ਜ਼ਲੀਲ ਕਰਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮੇਰੇ ਪਿਤਾ ਨੇ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨੂੰ ਮਾਨਸਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਭੀਖੀ ਪੁਲਸ ਨੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਰਜਿੰਦਰ ਕੁਮਾਰ, ਜੱਸੀ, ਅਮਰਜੀਤ ਸਿੰਘ, ਬਲਜੀਤ ਸਿੰਘ ਉਰਫ ਲਿਬੜਾ ਅਤੇ ਬਲਵੀਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News