ਹਾਈਕੋਰਟ ਦੀ ਪਾਰਕਿੰਗ ''ਚ ਵਿਅਕਤੀ ਨੇ ਖੁਦ ''ਤੇ ਡੀਜ਼ਲ ਛਿੜਕਿਆ ਤੇ ਲਾ ਲਈ ਅੱਗ

07/12/2017 8:09:33 AM

ਚੰਡੀਗੜ੍ਹ  (ਸੁਸ਼ੀਲ) - ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਪੰਜਾਬ ਤੋਂ ਆਏ 64 ਸਾਲਾ ਵਿਅਕਤੀ ਨੇ ਜੱਜਾਂ ਦੀ ਪਾਰਕਿੰਗ 'ਚ ਖੁਦ 'ਤੇ ਡੀਜ਼ਲ ਛਿੜਕਣ ਮਗਰੋਂ ਅੱਗ ਲਾ ਲਈ ਤੇ ਫਿਰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪਾਰਕਿੰਗ 'ਚ ਮੌਜੂਦ ਲੋਕਾਂ ਤੇ ਹਾਈਕੋਰਟ ਸਟਾਫ ਨੇ ਅੱਗ 'ਤੇ ਕਾਬੂ ਪਾਇਆ ਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਝੁਲਸੇ ਵਿਅਕਤੀ ਨੂੰ ਸੈਕਟਰ-16 ਜਨਰਲ ਹਸਪਤਾਲ ਭਰਤੀ ਕਰਵਾਇਆ। ਵਿਅਕਤੀ ਦੀ ਪਛਾਣ ਪੰਜਾਬ ਸਥਿਤ ਧੂਰੀ ਵਾਸੀ ਸੁਰਿੰਦਰ ਕੁਮਾਰ ਦੇ ਰੂਪ 'ਚ ਹੋਈ ਹੈ। 
ਡਾਕਟਰਾਂ ਨੇ ਦੱਸਿਆ ਕਿ ਸੁਰਿੰਦਰ 20 ਫੀਸਦੀ ਝੁਲਸ ਗਿਆ ਹੈ। ਸੁਰਿੰਦਰ ਨੇ ਦੋਸ਼ ਲਾਇਆ ਕਿ ਉਸਦੇ ਨਾਲ ਕਰੋੜਾਂ ਰੁਪਏ ਦੀ ਧੋਖਾਦੇਹੀ ਹੋਈ ਹੈ, ਉਸ ਨੂੰ ਪੁਲਸ ਤੋਂ ਇਨਸਾਫ ਨਹੀਂ ਮਿਲਿਆ। ਅਜਿਹੇ 'ਚ ਉਸ ਨੇ ਖੁਦ ਨੂੰ ਅੱਗ ਲਾਈ। ਸੈਕਟਰ-3 ਥਾਣਾ ਪੁਲਸ ਨੇ ਸੁਰਿੰਦਰ ਕੁਮਾਰ ਖਿਲਾਫ ਆਤਮ-ਹੱਤਿਆ ਦੇ ਯਤਨਾਂ ਦਾ ਕੇਸ ਦਰਜ ਕਰ ਲਿਆ ਹੈ।
ਸੁਰਿੰਦਰ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਧੂਰੀ 'ਚ ਰਾਈਸ ਮਿੱਲ ਸੀ, ਇਸ 'ਚ ਕੰਮ ਕਰਨ ਵਾਲੇ ਸਤੀਸ਼ ਕੁਮਾਰ ਸਮੇਤ ਹੋਰਨਾਂ ਲੋਕਾਂ ਨੇ ਉਸ ਤੋਂ 10 ਕਰੋੜ ਰੁਪਏ ਠੱਗ ਲਏ। ਉਸਨੇ ਮੁਲਜ਼ਮਾਂ ਖਿਲਾਫ ਧੂਰੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਸੁਣਵਾਈ ਨਹੀਂ ਕੀਤੀ। ਉਸਨੇ ਦੱਸਿਆ ਕਿ ਇਨਸਾਫ ਲੈਣ ਲਈ ਮੰਗਲਵਾਰ ਸਵੇਰੇ ਡੀਜ਼ਲ ਦੀਆਂ ਦੋ ਬੋਤਲਾਂ ਲੈ ਕੇ ਜੰਗਲ ਦੇ ਰਸਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਜੱਜਾਂ ਦੀ ਪਾਰਕਿੰਗ ਤਕ ਪਹੁੰਚਿਆ ਸੀ। ਉਥੇ ਉਹ ਚੀਫ ਜਸਟਿਸ ਨੂੰ ਗੁਹਾਰ ਲਾਉਣਾ ਚਾਹੁੰਦਾ ਸੀ ਪਰ ਉਨ੍ਹਾਂ ਤਕ ਪਹੁੰਚਣਾ ਮੁਸ਼ਕਿਲ ਸੀ। ਇਸ ਦੌਰਾਨ ਉਸਨੇ ਖੁਦ 'ਤੇ ਡੀਜ਼ਲ ਛਿੜਕ ਕੇ ਖੁਦ ਨੂੰ ਅੱਗ ਲਾ ਲਈ। ਪੁਲਸ ਨੇ ਸੁਰਿੰਦਰ ਕੁਮਾਰ ਕੋਲੋਂ ਕੀੜੇ ਮਾਰਨ ਵਾਲੀ ਦਵਾਈ ਤੇ ਟੀਕੇ ਵੀ ਬਰਾਮਦ ਕੀਤੇ। ਸੈਕਟਰ-16 ਜਨਰਲ ਹਸਪਤਾਲ 'ਚ ਭਰਤੀ ਸੁਰਿੰਦਰ ਨੇ ਦੱਸਿਆ ਕਿ ਉਹ ਪਿਛਲੇ ਮਹੀਨੇ ਵੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਆਇਆ ਸੀ। ਕੁਝ ਲੋਕਾਂ ਨੇ ਕਿਹਾ ਸੀ ਕਿ ਉਸਨੂੰ ਇਨਸਾਫ ਸਿਰਫ ਹਾਈਕੋਰਟ ਦੇ ਸਕਦਾ ਹੈ। ਇਸ ਲਈ ਮੰਗਲਵਾਰ ਨੂੰ ਉਹ ਇਥੇ ਆਇਆ ਸੀ। ਡੀ. ਐੱਸ. ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਹਾਈਕੋਰਟ 'ਚ ਅੱਗ ਲਾਉਣ ਵਾਲੇ ਵਿਅਕਤੀ ਖਿਲਾਫ ਆਤਮਹੱਤਿਆ ਦੇ ਯਤਨ ਦਾ ਕੇਸ ਦਰਜ ਕਰ ਲਿਆ ਹੈ।


Related News