ਨੀਦਰਲੈਂਡ ’ਚ ਵਿਰਾਸਤੀ ਕੁਰਸੀਆਂ ਨਿਲਾਮ, 3000 ਯੂਰੋ ’ਚ ਵਿਕੀਆਂ
Tuesday, Oct 13, 2026 - 11:52 AM (IST)
ਚੰਡੀਗੜ੍ਹ (ਸੁਸ਼ੀਲ) : ਪੀਅਰੇ ਜੈਨੇਰੇ ਦੀਆਂ ਡਿਜ਼ਾਈਨ ਕੀਤੀਆਂ ਦੋ ਐਕਸ-ਲੈਗ ਆਰਮਚੇਅਰਾਂ ਨੀਦਰਲੈਂਡ ’ਚ 10 ਅਕਤੂਬਰ ਨੂੰ 3000 ਯੂਰੋ (ਲਗਭਗ 3.21 ਲੱਖ ਰੁਪਏ) ’ਚ ਨਿਲਾਮ ਕੀਤੀਆਂ ਗਈਆਂ। ਚੰਡੀਗੜ੍ਹ ਪ੍ਰਸ਼ਾਸਨ ਇਕ ਵਾਰ ਫਿਰ ਨਿਲਾਮੀ ਰੁਕਵਾਉਣ ’ਚ ਅਸਫ਼ਲ ਰਿਹਾ। 12 ਅਕਤੂਬਰ ਨੂੰ ਵਿਦੇਸ਼ ਮੰਤਰਾਲੇ, ਸੱਭਿਆਚਾਰ ਮੰਤਰਾਲੇ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਨਿਲਾਮੀ ਬਾਰੇ ਸੂਚਨਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਸਮਾਂ ਰਹਿੰਦਿਆਂ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਨੀਦਰਲੈਂਡ ਦੀ ਨਿਲਾਮੀ ’ਚ ਪੀਅਰੇ ਜੈਨੇਰੇ ਦੁਆਰਾ ਡਿਜ਼ਾਈਨ ਕੀਤੀਆਂ ਸਾਗੌਨ ਦੀ ਲੱਕੜ ਤੇ ਚਮੜੇ ਨਾਲ ਬਣੀਆਂ ਦੋ ਐਕਸ-ਲੈਗ ਆਰਮਚੇਅਰਾਂ ਸ਼ਾਮਲ ਸਨ।
ਨਿਲਾਮੀ ਕੈਟਾਲਾਗ ’ਚ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਇਮਾਰਤਾਂ ਤੋਂ ਉਤਪਤੀ ਦੱਸੀ ਗਈ ਸੀ। ਇਸ ਤੋਂ ਪਹਿਲਾਂ ਪੈਰਿਸ ’ਚ ਆਰਟਕਿਊਰੀਅਲ ਨਿਲਾਮੀ ਘਰ ਦੀ 30 ਸਤੰਬਰ ਨੂੰ ਨਿਲਾਮੀ ’ਚ ਪੀਅਰੇ ਜੈਨੇਰੇ ਦੁਆਰਾ ਡਿਜ਼ਾਈਨ ਕੀਤੀ ਗਈ ਇਕ ਕੁਰਸੀ ਵੀ ਸੂਚੀਬੱਧ ਸੀ। ਉਸ ਦੇ ਕੈਟਲਾਗ ’ਚ ਵੀ ਚੰਡੀਗੜ੍ਹ ਦੀਆਂ ਪ੍ਰਬੰਧਕੀ ਇਮਾਰਤਾਂ ਨਾਲ ਸਬੰਧ ਦੱਸਿਆ ਗਿਆ ਸੀ। ਇਹ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ ਕਿ ਫਰਨੀਚਰ ਚੰਡੀਗੜ੍ਹ ਤੋਂ ਕਦੋਂ ਤੇ ਕਿਨ੍ਹਾਂ ਹਾਲਾਤਾਂ ’ਚ ਬਾਹਰ ਗਿਆ, ਇਸ ਨੂੰ ਦੇਸ਼ ਤੋਂ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਜਾਂ ਨਹੀਂ ਤੇ ਮੌਜੂਦਾ ਵਿਕਰੇਤਾ ਕੋਲ ਜਾਇਜ਼ ਮਾਲਕੀ ਸਬੰਧੀ ਕਿਹੜੇ ਦਸਤਾਵੇਜ਼ ਹਨ। ਉਨ੍ਹਾਂ ਨੇ ਨਿਲਾਮੀ ਘਰ ਮਲਕੀਅਤ, ਖਰੀਦ, ਨਿਰਯਾਤ ਅਤੇ ਸੀਮਾ ਸ਼ੁਲਕ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਇਨ੍ਹਾਂ ਵਿਰਾਸਤੀ ਵਸਤੂਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਹਰ ਭੇਜੇ ਜਾਣ ਦੀ ਪੁਸ਼ਟੀ ਹੁੰਦੀ ਹੈ ਤਾਂ ਸਬੰਧਤ ਕਾਨੂੰਨਾਂ ਤਹਿਤ ਕਾਰਵਾਈ ਕਰ ਕੇ ਵਾਪਸ ਲਿਆਉਣ ਲਈ ਕੂਟਨੀਤਕ ਅਤੇ ਕਾਨੂੰਨੀ ਜ਼ਰੀਏ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
