ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਤੇ ਸਰਕਾਰੀ ਕੰਮ ‘ਚ ਵਿਘਨ ਪਾਉਣ ‘ਤੇ ਮਾਮਲਾ ਦਰਜ

Sunday, Jul 07, 2024 - 03:52 PM (IST)

ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਪੁਲਸ ਚੌਂਕੀ ਤਪਾ ‘ਚ ਤਾਇਨਾਤ ਪੁਲਸ ਮੁਲਾਜ਼ਮ ਨਾਲ ਹੱਥੋਪਾਈ ਕਰਨ ਅਤੇ ਸਰਕਾਰੀ ਕੰਮ ‘ਚ ਵਿਘਨ ਪਾਉਣ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰਨ ਬਾਰੇ ਸੂਚਨਾ ਮਿਲੀ ਹੈ। ਇਸ ਸੰਬੰਧੀ ਹੋਲਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਚੌਂਕੀ ਤਪਾ ‘ਚ ਤਾਇਨਾਤ ਹੈ। ਉਹ ਸਿਪਾਹੀ ਸੰਦੀਪ ਸਿੰਘ ਅਤੇ ਸਿਪਾਹੀ ਸਿਮਰਨਜੀਤ ਸਿੰਘ ਸ਼ਹਿਰ ਦੀ ਸਕੂਲ ਰੋਡ 'ਤੇ ਗਸ਼ਤ ਕਰਕੇ ਆਉਣ-ਜਾਣ ਵਾਲੇ ਸ਼ੱਕੀ ਪੁਰਸ਼ਾਂ ਦੀ ਜਾਂਚ ਕਰ ਰਹੇ ਸੀ ਤਾਂ ਮੋਟਰਸਾਈਕਲ 'ਤੇ ਇੱਕ ਨੌਜਵਾਨ ਬੈਠਾ ਸੀ। ਉਸ ਨੇ ਅਪਣਾ ਚਿਹਰਾ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ। ਉਹ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ, ਜਿਸ ਨੂੰ ਸਾਥੀ ਕਰਮਚਾਰੀਆਂ ਨਾਲ ਕਾਬੂ ਕੀਤਾ।

ਉਸ ਨੇ ਅਪਣਾ ਨਾਂ ਧਰਮਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਘੁੰਨਸ ਰੋਡ ਤਪਾ ਦੱਸਿਆ, ਜਿਸ ਤੋਂ ਵ੍ਹੀਕਲ ਦੇ ਕਾਗਜ਼ਾਤ ਮੰਗਣ 'ਤੇ ਧਰਮਾ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ ਅਤੇ ਪੁਲਸ ਮੁਲਾਜ਼ਮਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਗਸ਼ਤੀ ਪਾਰਟੀ ਨੇ ਸਮਝਾਉਣ ਦੀ ਕੋਸ਼ਿਸ ਕੀਤੀ ਅਤੇ ਕਾਗਜ਼ਾਤ ਦਿਖਾਉਣ ਦੀ ਬਜਾਏ ਪੁਲਸ ਪਾਰਟੀ ਨੂੰ ਧੱਕੇ ਮਾਰਨ ਅਤੇ ਹਮਲਾ ਕਰਨ ਲੱਗ ਪਿਆ। ਮੌਕੇ 'ਤੇ ਹਾਜ਼ਰ ਗਸ਼ਤੀ ਪਾਰਟੀ ਨੇ ਹੋਰ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਮੁਲਜ਼ਮ ਧਰਮਾ ਨੂੰ ਕਾਬੂ ਕਰਕੇ ਸਰਕਾਰੀ ਕੰਮ ‘ਚ ਵਿਘਨ ਪਾਉਣ ਅਤੇ ਹੋਰ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਬ-ਇੰਸਪੈਕਟਰ ਮੱਘਰ ਸਿੰਘ, ਸਹਾਇਕ ਥਾਣੇਦਾਰ ਜਸਵੀਰ ਸਿੰਘ, ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਰੀਤੂ ਰਾਣੀ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ। 


Babita

Content Editor

Related News