ਟੀ. ਵੀ. ਸੀਰੀਅਲ ਦੇਖ ਕਾਰੋਬਾਰੀ ਨੂੰ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ
Thursday, Sep 30, 2021 - 03:25 PM (IST)
ਖੰਨਾ (ਵਿਪਨ) : ਅੱਜ ਦੇ ਸਮੇਂ 'ਚ ਜਿੱਥੇ ਟੀ. ਵੀ. ਲੋਕਾਂ ਦੇ ਮਨੋਰੰਜਨ ਦਾ ਸਾਧਨ ਹੈ, ਉੱਥੇ ਹੀ ਕਈ ਟੀ. ਵੀ. ਸੀਰੀਅਲਾਂ ਨੂੰ ਦੇਖ ਕੇ ਲੋਕ ਜ਼ੁਰਮ ਦਾ ਰਾਹ ਵੀ ਅਖ਼ਤਿਆਰ ਕਰ ਲੈਂਦੇ ਹਨ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਟੀ. ਵੀ. ਸੀਰੀਅਲ ਦੇਖ ਕੇ ਇਕ ਕਾਰੋਬਾਰੀ ਤੋਂ ਉਸ ਦੇ ਪੁੱਤਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ। ਫਿਲਹਾਲ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਦਾ ਖ਼ੁਲਾਸਾ ਖੰਨਾ ਦੇ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਕਾਰੋਬਾਰੀ ਅੰਗਦ ਘਈ ਨੂੰ ਕਿਸੇ ਨੇ ਫੋਨ 'ਤੇ ਧਮਕੀ ਦਿੱਤੀ ਸੀ ਕਿ ਮੈਨੂੰ 2 ਕਰੋੜ ਰੁਪਿਆ ਦੇ ਦਿਓ, ਨਹੀਂ ਤਾਂ ਮੈਂ ਤੁਹਾਡੇ ਪੁੱਤਰ ਨੂੰ ਮਾਰ ਦੇਵਾਂਗਾ। ਉਨ੍ਹਾਂ ਕਿਹਾ ਕਿ ਕਾਰੋਬਾਰੀ ਦੀਆਂ ਫੋਨ ਕਾਲਾਂ ਅਤੇ ਰਿਕਾਰਡਾਂ ਦੀ ਛਾਣ-ਬੀਣ ਮਗਰੋਂ ਉਨ੍ਹਾਂ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪਛਾਣ ਕੁਲਦੀਪ ਸਿੰਘ ਪਿੰਡ ਘੁੰਗਰਾਲੀ ਵੱਜੋਂ ਹੋਈ ਹੈ।
ਡੀ. ਐਸ. ਪੀ. ਨੇ ਦੱਸਿਆ ਕਿ ਉਕਤ ਵਿਅਕਤੀ ਨੇ ਕਾਰੋਬਾਰੀ ਦੀ ਫੈਕਟਰੀ 'ਚ 2-3 ਮਹੀਨੇ ਪਹਿਲਾਂ ਸਕਿਓਰਿਟੀ ਗਾਰਡ ਦੀ ਨੌਕਰੀ ਕੀਤੀ ਸੀ। ਡੀ. ਐਸ. ਪੀ. ਨੇ ਦੱਸਿਆ ਕਿ ਉਕਤ ਵਿਅਕਤੀ ਦੇ ਸਿਰ 'ਤੇ ਕਰਜ਼ਾ ਸੀ ਅਤੇ ਉਸ ਨੇ ਹੀ ਟੀ. ਵੀ. ਸੀਰੀਅਲ ਦੇਖ ਕੇ ਉਸ ਨੇ ਹੀ ਕਾਰੋਬਾਰੀ ਨੂੰ ਧਮਕੀ ਦਿੱਤੀ ਸੀ ਤਾਂ ਜੋ ਉਸ ਦਾ ਕਰਜ਼ਾ ਉਤਰ ਸਕੇ। ਫਿਲਹਾਲ ਪੁਲਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।