ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਵਾਲਾ ਕਾਬੂ, ਕੁੜੀ ਕੀਤੀ ਵਾਰਸਾਂ ਹਵਾਲੇ
Thursday, Nov 12, 2020 - 10:29 AM (IST)
ਬੱਸੀ ਪਠਾਣਾ (ਰਾਜਕਮਲ) : ਥਾਣਾ ਬੱਸੀ ਪਠਾਣਾ ਪੁਲਸ ਨੇ ਇਕ ਵਿਅਕਤੀ ਨੂੰ ਇਕ 15 ਸਾਲਾ ਨਾਬਾਲਗ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਬੀਤੀ 5 ਨਵੰਬਰ ਨੂੰ ਮਾਮਲਾ ਦਰਜ ਕੀਤਾ ਸੀ, ਜਿਸ ਤਹਿਤ ਕੁੜੀ ਤੇ ਕਥਿਤ ਦੋਸ਼ੀ ਦੀ ਭਾਲ 'ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਪੁਲਸ ਦੀ ਮੁਸਤੈਦੀ ਨਾਲ ਜਿੱਥੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ, ਉੱਥੇ ਹੀ ਕੁੜੀ ਨੂੰ ਬਰਾਮਦ ਕਰ ਕੇ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤ ਕਰਤਾ ਸ਼ਿੰਗਾਰਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਨੰਦਪੁਰ ਨੇ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ ਧੀ (15) ਸਾਲ ਹੈ, 5 ਨਵੰਬਰ ਨੂੰ ਦੁਪਹਿਰ ਬਾਅਦ ਉਹ ਬੱਸ ਅੱਡਾ ਕਲੌੜ ਵਿਖੇ ਘਰੇਲੂ ਸਾਮਾਨ ਲੈਣ ਲਈ ਗਈ ਤੇ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕਰਨ ਦੇ ਬਾਵਜੂਦ ਨਹੀਂ ਮਿਲੀ।
ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਨਾਬਾਲਗ ਕੁੜੀ ਨੂੰ ਕਥਿਤ ਦੋਸ਼ੀ ਪਲਵਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਮਲਕੀਤ ਸਿੰਘ ਵਾਸੀ ਬਾਸੀਆਂ ਵੈਦਵਾਨ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ-ਫੁਸਲਾ ਕੇ ਲੈ ਗਿਆ ਹੈ। ਐੱਸ. ਐੱਚ. ਓ. ਮਨਪ੍ਰੀਤ ਸਿੰਘ ਦਿਓਲ ਨੇ ਦੱਸਿਆ ਕਥਿਤ ਦੋਸ਼ੀ ਦੀ ਭਾਲ 'ਚ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਏ. ਐੱਸ. ਆਈ. ਮਨਦੀਪ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਵੱਲੋਂ ਕਥਿਤ ਦੋਸ਼ੀ ਨੂੰ ਜਿੱਥੇ ਗ੍ਰਿਫ਼ਤਾਰ ਕਰ ਕੇ ਕੁੜੀ ਨੂੰ ਉਸਦੇ ਵਾਰਿਸਾਂ ਦੇ ਸਪੁਰਦ ਕਰ ਦਿੱਤਾ ਗਿਆ, ਉੱਥੇ ਹੀ ਕਥਿਤ ਦੋਸ਼ੀ ਖਿਲਾਫ਼ ਦਰਜ ਮਾਮਲੇ 'ਚ ਪਾਸਕੋ ਐਕਟ ਅਤੇ ਆਈ. ਪੀ. ਸੀ. ਦੀ ਧਾਰਾ 376 ਦਾ ਇਜ਼ਾਫ਼ਾ ਕਰਦੇ ਹੋਏ 2 ਦਿਨਾਂ ਦਾ ਪੁਲਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਸਖਸ਼ ਨੂੰ ਬਖਸ਼ਿਆ ਨਹੀਂ ਜਾਵੇਗਾ।