ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲਾ ਕਾਊਂਟਰ ਇੰਟੈਲੀਜੈਂਸ ਦਾ ਮੁਲਾਜ਼ਮ ਗ੍ਰਿਫਤਾਰ

Friday, Jul 20, 2018 - 07:28 AM (IST)

ਬਟਾਲਾ/ਅਲੀਵਾਲ (ਬੇਰੀ, ਸੈਂਡੀ, ਸ਼ਰਮਾ) - ਅੱਜ ਥਾਣਾ ਘਣੀਏ-ਕੇ-ਬਾਂਗਰ ਦੀ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਦੇ ਕਰਮਚਾਰੀ ਵਿਰੁੱਧ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਐੱਸ. ਐੱਚ. ਓ. ਘਣੀਏ-ਕੇ-ਬਾਂਗਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਲੜਕੀ ਦੇ ਪਿਤਾ ਵਾਸੀ ਘਣੀਏ-ਕੇ-ਬਾਂਗਰ ਨੇ ਲਿਖਵਾਇਆ ਹੈ ਕਿ ਮੇਰੀ ਲੜਕੀ ਇਕ ਪ੍ਰਾਈਵੇਟ ਸਕੂਲ 'ਚ ਅਧਿਆਪਕਾ ਹੈ, ਜਿਸ ਨੂੰ ਕਾਊਂਟਰ ਇੰਟੈਲੀਜੈਂਸ ਦਾ ਕਰਮਚਾਰੀ ਗੁਰਜੰਟ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਕੋਠੇ ਤੰਗ-ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਗੁਰਜੰਟ ਸਿੰਘ ਨੂੰ ਅਜਿਹਾ ਕਰਨ ਤੋਂ ਮਨ੍ਹਾ ਵੀ ਕੀਤਾ ਪਰ ਅੱਜ ਗੁਰਜੰਟ ਸਿੰਘ ਸਾਡੇ ਪਿੰਡ ਆਇਆ ਅਤੇ ਉਸ ਦੇ ਹੱਥ 'ਚ 12 ਬੋਰ ਦੀ ਬੰਦੂਕ ਸੀ ਅਤੇ ਸਾਡੇ ਘਰ 'ਚ ਆ ਕੇ ਲੜਕੀ ਬਾਰੇ ਪੁੱਛਣ ਲੱਗਾ। ਜਦੋਂ ਅਸੀਂ ਉਕਤ ਨੂੰ ਇਥੋਂ ਜਾਣ ਲਈ ਕਿਹਾ ਤਾਂ ਉਸ ਨੇ ਸਾਡੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਗੁਰਜੰਟ ਸਿੰਘ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ।  ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਜਾ ਕੇ ਉੱਚ ਅਧਿਕਾਰੀਆਂ ਨੂੰ ਦੱਸਿਆ। ਇਸ ਤੋਂ ਬਾਅਦ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਜਸਪ੍ਰੀਤ ਸਿੰਘ ਨੇ ਟੀਮ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਥਾਣਾ ਘਣੀਏ-ਕੇ-ਬਾਂਗਰ 'ਚ ਕਾਊਂਟਰ ਇੰਟੈਲੀਜੈਂਸ ਦੇ ਉਕਤ ਹੌਲਦਾਰ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


Related News