ਮਾਲਵੇ ਦੇ ਰੁਪਿੰਦਰਪਾਲ ਸਿੰਘ ਨੂੰ ਮਿਲੀ ਭਾਰਤੀ ਹਾਕੀ ਟੀਮ ਦੀ ਕਪਤਾਨੀ, ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ

05/11/2022 1:39:33 PM

ਫਰੀਦਕੋਟ (ਦੁਸਾਂਝ) : ਫ਼ਰੀਦਕੋਟ ਦੀ ਪਵਿੱਤਰ ਧਰਤੀ ਨੂੰ ਬਾਬਾ ਫ਼ਰੀਦ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ। ਇੱਥੋਂ ਦੇ ਕਈ ਖਿਡਾਰੀ ਅਤੇ ਕਈ ਰਾਜਨੇਤਾ ਉੱਭਰ ਕੇ ਸਾਹਮਣੇ ਆਏ ਹਨ।  ਉੱਥੇ ਹੀ ਫਰੀਦਕੋਟ ਦੇ ਰੁਪਿੰਦਰਪਾਲ ਸਿੰਘ ਨੇ ਭਾਰਤੀ ਹਾਕੀ ਟੀਮ ’ਚ ਫ਼ਰੀਦਕੋਟ ਦਾ ਨਾਮ ਦੇਸ਼ਾਂ ਵਿਦੇਸ਼ਾਂ ’ਚ ਰੋਸ਼ਨ ਕੀਤਾ ਹੈ ਅਤੇ ਟੋਕੀਓ ’ਚ ਹੋਈਆਂ ਓਲੰਪਿਕ ’ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ ਜਿਸ ’ਚ ਰੁਪਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ। ਭਾਵੇਂਕਿ ਕੁਝ ਨਿੱਜੀ ਰੁਝੇਵਿਆਂ ਦੇ ਚਲਦੇ ਰੁਪਿੰਦਰ ਨੇ ਪਿਛਲੇ ਸਮੇਂ ਦੌਰਾਨ ਖੇਡ ਤੋਂ ਸੰਨਿਆਸ ਲੈ ਲਿਆ ਸੀ ਪਰ ਹੁਣ ਸੰਨਿਆਸ ਵਾਪਸ ਲੈਣ ਉਪਰੰਤ ਹਾਕੀ ਮੈਨੇਜਮੈਂਟ ਨੇ ਰੁਪਿੰਦਰਪਾਲ ਸਿੰਘ ’ਤੇ ਭਰੋਸਾ ਜਿਤਾਉਂਦੇ ਹੋਏ ਫਿਰ ਤੋਂ ਹਾਕੀ ਟੀਮ ਦਾ ਕਪਤਾਨ ਬਣਾਇਆ ਹੈ ਅਤੇ ਹੁਣ ਰੁਪਿੰਦਰ  ਨੂੰ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਜਕਾਰਤਾ ਵਿਖੇ  23 ਮਈ ਤੋਂ 1 ਜੂਨ ਤੱਕ ਹੋਣ ਵਾਲੇ ਏਸ਼ੀਆ ਕੱਪ ਵਿੱਚ ਰੁਪਿੰਦਰਪਾਲ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ। ਇਸਦੇ ਚਲਦੇ ਰੁਪਿੰਦਰ ਦੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਵੱਲੋਂ ਇਕ ਦੂਜੇ ਦਾ ਮਠਿਆਈਆਂ ਨਾਲ ਮੂੰਹ ਮਿੱਠਾ ਕਰਵਾ ਕੇ ਇਸ ਖ਼ੁਸ਼ੀ ਨੂੰ ਜ਼ਾਹਿਰ ਕੀਤਾ ਗਿਆ ।

ਇਹ ਵੀ ਪੜ੍ਹੋ : ਬਜ਼ੁਰਗਾਂ ਨੇ ਮਾਸੂਮ ਬੱਚੇ 'ਤੇ ਢਾਹਿਆ ਤਸ਼ੱਦਦ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਲਿਆ ਫੌਰੀ ਐਕਸ਼ਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਪਾਲ ਸਿੰਘ ਦੇ ਪਿਤਾ ਹਰਿੰਦਰ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਪਿਛਲੇ ਸਮੇਂ ਭਾਰਤੀ ਹਾਕੀ ਟੀਮ ਤੋਂ ਸੰਨਿਆਸ ਲੈਣ ਦੀ ਗੱਲ ਕਹੀ ਗਈ ਸੀ ਜਿਸ ਤੋਂ ਉਨ੍ਹਾਂ ਦੇ ਦਿਲ ਵਿਚ ਥੋੜ੍ਹਾ ਮੋਟਾ ਰੋਸਾ ਸੀ ਪਰ ਫਿਰ ਵੀ ਉਹ ਆਪਣੇ ਪੁੱਤਰ ਦੇ ਫੈਸਲੇ ਦੇ ਨਾਲ ਖੜ੍ਹੇ ਸਨ ਪਰ ਅੱਜ ਫਿਰ ਉਨ੍ਹਾਂ ਨੂੰ  ਖ਼ੁਸ਼ੀ ਹੈ ਕਿ ਰੁਪਿੰਦਰਪਾਲ ਇੱਕ ਵਾਰ ਫਿਰ ਹਾਕੀ ਦੇ ਮੈਦਾਨ ’ਚ ਆਪਣੇ ਜੌਹਰ ਦਿਖਾਵੇਗਾ ਅਤੇ ਫ਼ਰੀਦਕੋਟ ਦਾ ਨਾਮ ਰੌਸ਼ਨ ਕਰੇਗਾ ।

PunjabKesari

ਇਸ ਮੌਕੇ ਰਵਿੰਦਰਪਾਲ ਦੀ ਮਾਤਾ ਸੁਖਵਿੰਦਰ ਕੌਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਜਿਸ ਨਾਲ ਫ਼ਰੀਦਕੋਟ ਇਲਾਕੇ ਵਿਚ ਖੁਸ਼ੀ  ਦੀ ਲਹਿਰ ਹੈ ਅਤੇ ਬਾਬਾ ਫ਼ਰੀਦ ਦੀ ਸਾਡੇ ਪੁੱਤਰ ਦੀ ਅਪਾਰ ਕ੍ਰਿਪਾ ਹੈ। ਰੁਪਿੰਦਰਪਾਲ ਦੇ ਸੰਨਿਆਸ ਦੀ ਗੱਲ ਸੁਣ ਕੇ ਇੱਕ ਵਾਰ ਝਟਕਾ ਸਾਨੂੰ ਜ਼ਰੂਰ ਲੱਗਾ ਸੀ ਪਰ ਉਸ ਤੋਂ ਬਾਅਦ ਮੇਰੇ ਦਿਲ ’ਚ ਕਿਤੇ ਤਾਂ ਕਿਤੇ ਇਹ ਚਾਹ ਸੀ ਕਿ ਮੇਰਾ ਪੁੱਤਰ ਮੁੜ ਤੋਂ ਇੱਕ ਵਾਰ ਹਾਕੀ ਦੇ ਮੈਦਾਨ ਵਿੱਚ ਖੇਡਦਾ ਦਿਖਾਈ ਦੇਵੇਗਾ ਅਤੇ ਹੁਣ ਜਕਾਰਤਾ ਏਸ਼ੀਆ ਕੱਪ ਲਈ ਮੇਰੇ ਪੁੱਤਰ ਨੂੰ ਚੁਣੇ ਜਾਣ ’ਤੇ ਮੈਨੂੰ ਬਹੁਤ ਖੁਸ਼ੀ ਹੈ ਅਤੇ ਮੈਂ ਰੱਬ ਮੂਹਰੇ ਹੀ ਅਰਦਾਸ ਕਰਦੀਆਂ ਕਿ ਉਹ ਜਿੱਤ ਕੇ ਵਾਪਸ ਪਰਤੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News