ਸਾਬਕਾ CM ਚੰਨੀ ’ਤੇ ਮਲਵਿੰਦਰ ਕੰਗ ਦਾ ਨਿਸ਼ਾਨਾ, ਕਿਹਾ-ਕਿਸ ਗ਼ਰੀਬ ਕੋਲ ਹੈ 10 ਕਰੋੜ ਦੀ ਜਾਇਦਾਦ?
Sunday, Apr 16, 2023 - 11:57 AM (IST)
ਚੰਡੀਗੜ੍ਹ/ਜਲੰਧਰ (ਰਮਨਜੀਤ ਸਿੰਘ, ਧਵਨ)-ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਚੰਨੀ ਤੁਸ਼ਟੀਕਰਨ ਦੀ ਸਿਆਸਤ ਕਰ ਰਹੇ ਹਨ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਕਿਉਂਕਿ ਪੰਜਾਬ ਦੀ ਜਨਤਾ ਸੱਚਾਈ ਜਾਣਦੀ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੰਨੀ ਨਾ ਸਿਰਫ਼ ਮੁੱਖ ਮੰਤਰੀ ਸਨ ਸਗੋਂ ਇਸ ਤੋਂ ਪਹਿਲਾਂ ਉਹ ਵਿਰੋਧੀ ਧਿਰ ਦੇ ਨੇਤਾ, ਕੈਬਨਿਟ ਮੰਤਰੀ ਅਤੇ ਖਰੜ ਨਗਰ ਨਿਗਮ ਦੇ ਪ੍ਰਧਾਨ ਵੀ ਸਨ ਪਰ ਹੁਣ ਜਦੋਂ ਵਿਜੀਲੈਂਸ ਉਨ੍ਹਾਂ ਨੂੰ ਉਨ੍ਹਾਂ ਦੇ ਭ੍ਰਿਸ਼ਟਾਚਾਰ ਬਾਰੇ ਪੁੱਛਗਿੱਛ ਕਰਨ ਜਾ ਰਹੀ ਹੈ ਤਾਂ ਉਹ ਇਕ ਗ਼ਰੀਬ ਦਾ ਕਾਰਡ ਖੇਡ ਰਹੇ ਹਨ। ਕੰਗ ਨੇ ਵਿਅੰਗ ਕਰਦੇ ਹੋਏ ਚੰਨੀ ਨੂੰ ਪੁੱਛਿਆ ਕਿ ਕਿਹੜਾ ਗ਼ਰੀਬ ਹੈ, ਜੋ ਮਹੀਨਿਆਂ ਤਕ ਵਿਦੇਸ਼ ਵਿਚ ਰਹਿੰਦਾ ਹੈ, ਅਮਰੀਕਾ ਤੋਂ ਇਲਾਜ ਕਰਵਾਉਂਦਾ ਹੈ ਅਤੇ ਆਪਣੇ ਬੇਟੇ ਦੇ 5 ਸਟਾਰ ਵਿਆਹ ਸਮਾਗਮ ਆਯੋਜਿਤ ਕਰਦਾ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਸਿਆਸਤ ਕਰਵਟ ਲੈਣ ਲੱਗੀ, ਮੋਦੀ ਦਾ ਮੁਕਾਬਲਾ ਕਰਨ ’ਚ ਸਿਰਫ਼ ਕੇਜਰੀਵਾਲ ਸਮਰੱਥ: ਸੁਸ਼ੀਲ ਕੁਮਾਰ ਰਿੰਕੂ
ਕੰਗ ਨੇ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦਾ ਅੰਦੋਲਨ ਇਕ ਸਾਲ ਤੋਂ ਚੱਲ ਰਿਹਾ ਹੈ ਅਤੇ ਕਈ ਭ੍ਰਿਸ਼ਟਾਚਾਰੀ ਨੇਤਾਵਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਈ ਹੈ। ਵਿਜੀਲੈਂਸ ਭ੍ਰਿਸ਼ਟ ਲੋਕਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਦੀ ਕਾਰਵਾਈ ਕਿਸੇ ਭਾਈਚਾਰੇ ਜਾਂ ਧਰਮ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਮਾਨਸਿਕਤਾ ਹੈ ਕਿਉਂਕਿ ਉਨ੍ਹਾਂ ਨੇ 70 ਸਾਲ ਤੋਂ ਦੇਸ਼ ਦੇ ਗ਼ਰੀਬ ਲੋਕਾਂ ਦੀ ਵਰਤੋਂ ਵੋਟਾਂ ਲਈ ਕੀਤੀ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ 10 ਕਰੋਡ਼ ਦੀ ਜਾਇਦਾਦ ਦਾ ਜ਼ਿਕਰ ਕਰਨ ਵਾਲੇ ਚੰਨੀ ਗ਼ਰੀਬ ਨਹੀਂ ਹਨ।
ਕੰਗ ਨੇ ਕਿਹਾ ਕਿ ਵਿਸਾਖੀ ਅਤੇ ਅੰਬੇਡਕਰ ਜਯੰਤੀ ਦੇ ਪਵਿੱਤਰ ਮੌਕੇ ’ਤੇ ਚੰਨੀ ਵੱਲੋਂ ਉਨ੍ਹਾਂ ਦੇ ਗਰੀਬ ਅਤੇ ਅਨੁਸੂਚਿਤ ਜਾਤੀ ’ਚੋਂ ਹੋਣ ਦਾ ਡਰਾਮਾ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇ ਚੰਨੀ ਅਸਲ ਵਿਚ ਐੱਸ. ਸੀ. ਭਾਈਚਾਰੇ ਦੇ ਹਮਦਰਦ ਸਨ ਤਾਂ ਉਨ੍ਹਾਂ ਐੱਸ. ਸੀ. ਵਜ਼ੀਫ਼ਾ ਘਪਲੇ ਲਈ ਜ਼ਿੰਮੇਵਾਰ ਨੇਤਾਵਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਚੰਨੀ ਨੇ ਆਪਣੇ ਚੋਣ ਹਲਕੇ ਚਮਕੌਰ ਸਾਹਿਬ ਤੋਂ ਐੱਸ. ਸੀ. ਭਾਈਚਾਰੇ ਦੇ ਇਕ ਵੀ ਵਿਅਕਤੀ ਨੂੰ ਪ੍ਰਮੋਟ ਕਿਉਂ ਨਹੀਂ ਕੀਤਾ?
ਇਹ ਵੀ ਪੜ੍ਹੋ : ਬਾਬੇ ਵਾਲੇ ਚੋਲੇ 'ਚ ਕਰਦਾ ਸੀ ਕਾਲਾ ਧੰਦਾ, ਜਦੋਂ ਚੜ੍ਹਿਆ ਪੁਲਸ ਹੱਥੇ ਤਾਂ ਖੁੱਲ੍ਹ ਗਏ ਸਾਰੇ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।