ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦਾ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੀਤਾ ਕਤਲ

Sunday, Jun 02, 2019 - 06:28 PM (IST)

ਪ੍ਰੇਮਿਕਾ ਨੂੰ ਮਿਲਣ ਆਏ ਪ੍ਰੇਮੀ ਦਾ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੀਤਾ ਕਤਲ

ਲੰਬੀ/ਮਲੋਟ (ਜੁਨੇਜਾ) - ਮਲੋਟ ਨੇੜੇ ਸੜਕ 'ਤੇ ਗੰਭੀਰ ਹਾਲਤ 'ਚ ਮਿਲੇ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪਹਿਲੀ ਨਜ਼ਰ 'ਚ ਇਹ ਮਾਮਲਾ ਹਾਦਸੇ ਦਾ ਲੱਗਾ ਸੀ ਪਰ ਹੌਲੀ-ਹੌਲੀ ਸੂਈ ਅਣਖ ਨੂੰ ਲੈ ਕੇ ਕਤਲ ਦੇ ਮਾਮਲੇ ਵੱਲ ਚੱਲੀ ਗਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਆਪਣੇ ਦੋਸਤ ਕੁਲਵੰਤ ਸਿੰਘ ਪੁੱਤਰ ਦਲੇਰ ਸਿੰਘ ਨਾਲ ਬੀਤੀ ਰਾਤ ਮਲੋਟ ਨੇੜੇ ਲੰਬੀ ਹਲਕੇ ਦੇ ਡਿਫੈਂਸ ਰੋਡ ਸਥਿਤ ਇਕ ਪਿੰਡ ਬਲੋਚ ਕੇਰਾ (ਰਸੂਲਪੁਰ ਕੇਰਾ) 'ਚ ਰਹਿੰਦੀ ਕੁੜੀ ਨੂੰ ਮਿਲਨ ਆਇਆ ਸੀ। ਕੁੜੀ ਦੇ ਪਰਿਵਾਰ ਨੂੰ ਪਤਾ ਲੱਗਣ 'ਤੇ ਉਨ੍ਹਾਂ ਨੇ ਲੜਕੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ। ਉਸਦਾ ਸਾਥੀ ਮੌਕੇ ਤੋਂ ਭੱਜ ਗਿਆ। ਗੰਭੀਰ ਤੌਰ 'ਤੇ ਜ਼ਖਮੀ ਹੋ ਕਾਰਨ ਉਸ ਨੂੰ ਲੋਕਾਂ ਨੇ ਹਸਪਤਾਲ ਦਾਖਲ ਕਰਵਾ ਦਿੱਤਾ, ਡਾਕਟਰਾਂ ਨੇ ਉਸ ਦੀ ਹਾਲਤ ਦੇਖ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਪਰ ਰਸਤੇ 'ਚ ਉਸ ਦੀ ਮੌਤ ਹੋ ਗਈ।

PunjabKesari

ਪਤਾ ਲੱਗਾ ਕਿ ਲੜਕੇ ਦੇ ਦੋ ਦੋਸਤ ਅਤੇ ਖੁਦ ਜ਼ਖਮੀ ਲੜਕਾ, ਜਿਹੜਾ ਉਸ ਵੇਲੇ ਤੱਕ ਹੋਸ਼ 'ਚ ਸੀ, ਨੇ ਵੱਜੀਆਂ ਸੱਟਾਂ ਦਾ ਕਾਰਨ ਐਕਸੀਡੈਂਟ ਦੱਸਿਆ। ਜ਼ਖਮਾਂ ਦੀ ਤਾਬ ਨਾ ਝੱਲਣ ਕਰਕੇ ਜਦੋਂ ਉਸ ਦੀ ਮੌਤ ਹੋ ਗਈ ਤਾਂ ਸਾਰੀ ਕਹਾਣੀ ਦਾ ਪਤਾ ਲੱਗਾ। ਇਸ ਮਾਮਲੇ ਦੀ ਜਾਂਚ ਕਰ ਰਹੇ ਚੌਕੀ ਭਾਈ ਕਾ ਕੇਰਾ ਦੇ ਇੰਚਾਰਜ ਥਾਣੇਦਾਰ ਅਮਰੀਕ ਸਿੰਘ ਵਲੋਂ ਕੀਤੀ ਜਾਂਚ 'ਤੇ ਪਤਾ ਲੱਗਾ ਕਿ ਇਹ ਮਾਮਲਾ ਅਣਖ ਨੂੰ ਲੈ ਕੇ ਹੋਏ ਕਤਲ ਦਾ ਹੈ।

ਲੜਕੀ ਦੇ ਤਾਏ ਦੇ ਪੁੱਤਰਾਂ ਵਲੋਂ ਕੀਤੀ ਕੁੱਟਮਾਰ ਕਾਰਨ ਹੋਈ ਮੌਤ
ਇਸ ਸੁਬੰਧੀ ਮ੍ਰਿਤਕ ਦੇ ਦੋਸਤ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਬਲੋਚਕੇਰਾ ਵਿਖੇ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਆਇਆ ਸੀ ਕਿ ਉਸ ਦੇ ਪਰਿਵਾਰ ਪਤਾ ਲੱਗ ਗਿਆ। ਲੜਕੀ ਦੇ ਤਾਏ ਦੇ ਪੁੱਤਰਾਂ ਬਲਜੀਤ ਸਿੰਘ, ਗੁਰਜੀਤ ਸਿੰਘ ਅਤੇ ਖੁਸ਼ਪ੍ਰੀਤ ਸਿੰਘ ਪੁਤਰਾਨ ਬਖਸੀਸ਼ ਸਿੰਘ ਨੇ ਉਸ ਨੂੰ ਫੜ ਲਿਆ ਅਤੇ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੰਬੀ ਦੀ ਪੁਲਸ ਨੇ ਤਿੰਨਾਂ ਭਰਾਵਾਂ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਸਾਉਦੀ ਅਰਬ ਤੋਂ ਛੁੱਟੀ ਆਇਆ ਸੀ ਮ੍ਰਿਤਕ
ਮ੍ਰਿਤਕ ਨੌਜਵਾਨ ਸਾਉਦੀ ਅਰਬ 'ਚ ਕੰਮ ਕਰਦਾ ਸੀ ਅਤੇ ਉਹ ਛੁੱਟੀ 'ਤੇ ਆਇਆ ਹੋਇਆ ਸੀ। ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਕੁੱਟਮਾਰ ਕਾਰਨ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਦਾ ਇਕ ਦੋਸਤ ਆਇਆ ਸੀ, ਜੋ ਉਸ ਨੂੰ ਘਰੋਂ ਲੈ ਕੇ ਗਿਆ।  


author

rajwinder kaur

Content Editor

Related News