ਸ਼ਰਾਬ ਪੀਣ ਤੋਂ ਰੋਕਣ ''ਤੇ ਪਤਨੀ ਦਾ ਕਤਲ ਕਰਨ ਵਾਲਾ ਪਤੀ ਗ੍ਰਿਫਤਾਰ

Thursday, Jul 18, 2019 - 05:58 PM (IST)

ਸ਼ਰਾਬ ਪੀਣ ਤੋਂ ਰੋਕਣ ''ਤੇ ਪਤਨੀ ਦਾ ਕਤਲ ਕਰਨ ਵਾਲਾ ਪਤੀ ਗ੍ਰਿਫਤਾਰ

ਮਲੋਟ (ਜੁਨੇਜਾ, ਗੋਇਲ) - ਸਥਾਨਕ ਪਟੇਲ ਨਗਰ ਵਿਖੇ ਸੋਮਵਾਰ ਨੂੰ ਘਰ 'ਚ ਇਕ 24 ਸਾਲਾ ਵਿਆਹੁਤਾ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਦੇ ਮਾਮਲੇ ਦਾ ਸਿਟੀ ਪੁਲਸ ਨੇ ਖੁਲਾਸਾ ਕਰ ਦਿੱਤਾ ਹੈ। ਔਰਤ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸਦੇ ਪਤੀ ਨੇ ਹੀ ਕੀਤਾ ਹੈ, ਜਿਸ ਨੂੰ ਸਿਟੀ ਮਲੋਟ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮਲੋਟ ਦੇ ਐਡੀਸ਼ਨਲ ਐੱਸ. ਐੱਚ. ਓ. ਮਲਕੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ਅਤੇ ਮਲੋਟ ਦੇ ਪੁਲਸ ਕਪਤਾਨ ਇਕਬਾਲ ਸਿੰਘ ਅਤੇ ਡੀ. ਐੱਸ. ਪੀ. ਭੁਪਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ 15 ਜੁਲਾਈ ਨੂੰ ਵਾਰਡ ਨੰਬਰ -26 'ਚ ਰਮਨਦੀਪ ਕੌਰ ਦੇ ਘਰ 'ਚ ਕਤਲ ਹੋ ਜਾਣ ਦੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਸੀ।

ਇਸ ਬਾਰੇ ਪਹਿਲਾਂ ਪੁਲਸ ਨੂੰ ਭਿੰਦਰ ਕੌਰ ਪਤਨੀ ਜਸਬੀਰ ਸਿੰਘ ਨੇ ਸੂਚਨਾ ਦਿੱਤੀ ਕਿ ਉਸ ਨੇ ਆਪਣੇ ਸਹੁਰੇ ਪਰਿਵਾਰ ਦੀ ਇਕ ਲੜਕੀ ਰਮਨਦੀਪ ਕੌਰ ਪੁੱਤਰੀ ਮੇਜਰ ਸਿੰਘ ਦਾ ਰਿਸ਼ਤਾ ਸੁਖਵਿੰਦਰ ਸਿੰਘ ਬੁੱਲਾ ਪੁੱਤਰ ਦਰਸ਼ਨ ਸਿੰਘ ਨਾਲ ਕਰਵਾਇਆ ਸੀ। ਸੁਖਵਿੰਦਰ ਆਪਣਾ ਦਿੱਲੀ ਵਾਲਾ ਮਕਾਨ ਵੇਚ ਕੇ ਮਲੋਟ ਦੀ ਗੁਰੂ ਨਾਨਕ ਨਗਰੀ 'ਚ ਰਹਿਣ ਲੱਗਾ ਸੀ। 15 ਜੁਲਾਈ ਨੂੰ ਭਿੰਦਰ ਕੌਰ ਆਪਣੇ ਮਾਤਾ-ਪਿਤਾ ਨੂੰ ਮਿਲਣ ਮਲੋਟ ਆ ਰਹੀ ਸੀ ਕਿ ਸੁਖਵਿੰਦਰ ਸਿੰਘ ਦੀ ਭੈਣ ਪਰਮਜੀਤ ਕੌਰ ਨੇ ਫੋਨ ਕੀਤਾ ਕਿ ਰਮਨਦੀਪ ਕਮਰੇ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹ ਰਹੀ। ਇਸ 'ਤੇ ਭਿੰਦਰ ਕੌਰ, ਪਰਮਜੀਤ ਕੌਰ ਅਤੇ ਉਸਦੇ ਘਰ ਵਾਲੇ ਬਲਦੇਵ ਸਿੰਘ ਨੇ ਵੇਖਿਆ ਕਿ ਰਮਨਦੀਪ ਕੌਰ, ਜੋ ਮ੍ਰਿਤਕ ਹਾਲਤ 'ਚ ਸੀ, ਦੇ ਸਿਰ 'ਚ ਖੂਨ ਵਗ ਰਿਹਾ ਸੀ ਅਤੇ ਗਲੇ 'ਤੇ ਨਿਸ਼ਾਨ ਸਨ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ। ਭਿੰਦਰ ਕੌਰ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਅਗਲੇ ਦਿਨ ਸੁਖਵਿੰਦਰ ਨੇ ਉਸ ਨੂੰ ਕਿਹਾ ਕਿ ਉਸਨੇ ਰਮਨਦੀਪ ਦਾ ਕੰਡਾ ਕੱਢ ਦਿੱਤਾ ਹੈ ਤੇ ਹੁਣ ਉਸ ਨੂੰ ਸ਼ਰਾਬ ਪੀਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮਾਮਲੇ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਸੁਖਵਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਕਤਲ ਲਈ ਵਰਤੀ ਚੁੰਨੀ ਬਰਾਮਦ ਕਰ ਲਈ। ਪੁਲਸ ਨੇ ਦੋਸ਼ੀ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

rajwinder kaur

Content Editor

Related News