ਮਲੇਰਕੋਟਲਾ ਦੀ ਕੁੜੀ ਨੇ ਕਿਰਗਿਸਤਾਨ ''ਚ ਰੌਸ਼ਨ ਕੀਤਾ ਪੇਕਿਆਂ ਅਤੇ ਸਹੁਰਿਆਂ ਦਾ ਨਾਂ, ਬਣ ਗਈ ਮਿਸਾਲ

07/14/2017 7:20:23 PM

ਮਲੇਰਕੋਟਲਾ (ਜ਼ਹੂਰ)— ਬੇਸ਼ੱਕ ਘੱਟ ਗਿਣਤੀ ਸਮਾਜ ਕੁੜੀਆਂ ਨੂੰ ਸਿੱਖਿਅਤ ਬਣਾਉਣ 'ਚ ਅਜੇ ਦੂਜੇ ਵਰਗਾਂ ਦੇ ਮੁਕਾਬਲੇ ਬਹੁਤ ਪੱਛੜਿਆ ਹੋਇਆ ਹੈ ਪਰ ਫਿਰ ਵੀ ਸਮਾਜਿਕ ਬੰਦਿਸ਼ਾਂ ਨੂੰ ਦਰਕਿਨਾਰ ਕਰਕੇ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੀ ਹੋਣਹਾਰ ਲੜਕੀ ਨੇ ਚੀਨ ਦੇ ਨੇੜਲੇ ਦੇਸ਼ ਕਿਰਗਿਸਤਾਨ ਦੇ ਆਈ. ਐਸ. ਐਮ. ਮੈਡੀਕਲ ਕਾਲਜ ਤੋਂ ਐਮ. ਬੀ. ਬੀ. ਐਸ. ਦੀ ਪੜ੍ਹਾਈ ਵਿਚ ਸਫਲਤਾ ਹਾਸਲ ਕੀਤੀ ਹੈ। ਕਿਰਗਿਸਤਾਨ ਵਰਗੇ ਦੇਸ਼ ਵਿਚ ਇਕੱਲੇ ਰਹਿ ਕੇ ਡਾਕਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਸਮੀਨ ਜ਼ੈਹਰਾ ਤੇ ਉਸ ਦੇ ਮਾਤਾ ਪਿਤਾ ਹੀ ਨਹੀਂ ਸਗੋਂ ਸਹੁਰਾ ਪਰਿਵਾਰ ਵੀ ਉਸ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਮੁਸਲਿਮ ਭਾਈਚਾਰੇ 'ਚ ਘੱਟ ਗਿਣਤੀ ਸ਼ਿਆ ਭਾਈਚਾਰੇ ਦੀ ਇਸ ਲੜਕੀ ਦੇ ਮਲੇਰਕੋਟਲਾ ਪੁੱਜਣ ਤੇ ਪੇਕੇ ਪਰਿਵਾਰ ਤੇ ਸਹੁੱਰਾ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।  ਡਾਕਟਰ ਬਣੀ ਸਮੀਨ ਜ਼ੈਹਰਾ ਨੇ ਦੱਸਿਆ ਕਿ ਉਹ ਜ਼ਰੂਰਤਮੰਦ ਅਤੇ ਲਾਚਾਰ ਮਰੀਜਾਂ ਦਾ ਮੁਫਤ ਇਲਾਜ ਕਰੇਗੀ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਵੀ ਮੁਹੱਇਆ ਕਰਵਾਉਣ ਦਾ ਯਤਨ ਕਰੇਗੀ। 
ਦੱਸਣਯੋਗ ਹੈ ਕਿ ਸਮੀਨ ਜ਼ੈਹਰਾ ਨੇ ਕਿਰਗਿਸਤਾਨ ਤੋਂ ਐਮ. ਬੀ. ਬੀ. ਐਸ. ਪਾਸ ਕਰਨ ਤੋਂ ਐਮ. ਸੀ. ਆਈ. ਵੱਲੋਂ ਲਈ ਗਈ ਪ੍ਰੀਖਿਆ ਵੀ ਪਾਸ ਕਰ ਲਈ ਹੈ ਅਤੇ ਉਸ ਦੀ ਐਮ. ਬੀ. ਬੀ. ਐਸ ਦੀ ਡਿਗਰੀ ਨੂੰ ਮਾਨਤਾ ਮਿਲ ਗਈ ਹੈ। ਸਮੀਨ ਜ਼ੈਹਰਾ ਦੇ ਪਿਤਾ ਸੱਯਦ ਸ਼ਬੀਹ ਹੈਦਰ ਨੇ ਦੱਸਿਆ ਕਿ ਇਸਲਾਮ ਧਰਮ ਦੇ ਆਖਰੀ ਨਵੀਂ ਹਜ਼ਰਤ ਮੁਹੰਮਦ ਸਾਹਿਬ ਨੇ ਕਰੀਬ 1400 ਸਾਲ ਪਹਿਲਾ ਫਰਮਾਇਆ ਸੀ ਕਿ '' ਇਲਮ (ਸਿੱਖਿਆ)'' ਹਾਸਲ ਕਰੋ, ਚਾਹੇ ਚੀਨ ਜਾਣਾ ਪਵੇ। ਇਸ ਫਰਮਾਨ ਨੂੰ ਉਨ੍ਹਾਂ ਦੀ ਲੜਕੀ ਨੇ ਸੱਚ ਕਰ ਦਿਖਾਇਆ ਹੈ। ਇਸ ਲਈ ਉਨ੍ਹਾਂ ਨੂੰ ਫਖਰ ਹੈ ਕਿ ਉਹ ਬੇਟੀ ਦੇ ਪਿਤਾ ਹੈ। ਇਸ  ਮੌਕੇ ਸਮੀਨ ਜ਼ੈਹਰਾ ਦੇ ਪਤੀ ਯਾਸਰ ਹੁਸੈਨ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸਲਾਮ ਵਿਚ ਲੜਕੀਆਂ ਨੂੰ ਅੱਗੇ ਵੱਧਣ ਦੇ ਬਹੁਤ ਮੌਕੇ ਦਿੱਤੇ ਹਨ। ਉਨ੍ਹਾਂ ਨੂੰ ਬਰਾਬਰ ਅਧਿਕਾਰ ਅਤੇ ਸਨਮਾਨ ਦਿੱਤਾ ਗਿਆ ਹੈ ਇਸ ਲਈ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਲੜਕੀਆਂ ਨੂੰ ਉਚ ਸਿੱਖਿਆ ਦੇਣਾ ਸਮੇਂ ਦੀ ਜਰੂਰਤ ਹੈ।


Related News