ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਤਸਵੀਰ ''ਤੇ ਮਲੀ ਕਾਲਖ

Tuesday, Aug 08, 2017 - 07:17 AM (IST)

ਜਲੰਧਰ, (ਚੋਪੜਾ)- ਯੂਥ ਕਾਂਗਰਸੀ ਵਰਕਰਾਂ ਨੇ ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਤਸਵੀਰ 'ਤੇ ਕਾਲਖ ਮਲੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਫੂਕ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਕੇਸ਼ਵ ਚੰਦਰ ਯਾਦਵ, ਜਲੰਧਰ ਲੋਕ ਸਭਾ ਯੂਥ ਕਾਂਗਰਸ ਪ੍ਰਧਾਨ ਅਸ਼ਵਨ ਭੱਲਾ ਦੀ ਅਗਵਾਈ ਵਿਚ ਹੋਏ ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਅਮਿਤ ਸ਼ਾਹ ਦੀ ਤਸਵੀਰ 'ਤੇ ਖਤਰੇ ਦਾ ਨਿਸ਼ਾਨ ਬਣਾ ਕੇ ਉਸ ਨੂੰ ਪੁਲਸ ਬੈਰੀਕੇਡ 'ਤੇ ਟੰਗ ਦਿੱਤਾ। ਇਸ ਦੌਰਾਨ ਵਰਕਰਾਂ ਨੇ ਕੇਂਦਰ ਦੀ ਭਾਜਪਾ ਸਰਕਾਰ, ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਯਾਦਵ ਤੇ ਭੱਲਾ ਨੇ ਦੱਸਿਆ ਕਿ ਜਦੋਂ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਈ ਹੈ। ਅਹਿੰਸਾ ਦਾ ਅਜਿਹਾ ਦੌਰ ਚੱਲ ਰਿਹਾ ਹੈ ਕਿ ਭਾਜਪਾ ਵਰਕਰ ਸੱਤਾ ਦੇ ਨਸ਼ੇ ਵਿਚ ਚੂਰ ਹੋ ਕੇ ਆਪੇ ਤੋਂ ਬਾਹਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਹੜ੍ਹ ਪੀੜਤ ਲੋਕਾਂ ਨਾਲ ਹਮਦਰਦੀ ਜਤਾਉਣ ਜਾਣਾ ਤੱਕ ਭਾਜਪਾ ਨੂੰ ਰਾਸ ਨਹੀਂ ਆਇਆ ਤੇ ਇਸ ਤੋਂ ਬੌਖਲਾਈ ਭਾਜਪਾ ਨੇ ਰਾਹੁਲ ਦੇ ਕਾਫਿਲੇ 'ਤੇ ਆਪਣੇ ਵਰਕਰਾਂ ਕੋਲੋਂ ਪਥਰਾਅ ਕਰਵਾਇਆ। 
ਯਾਦਵ ਤੇ ਭੱਲਾ ਨੇ ਕਿਹਾ ਕਿ ਦੇਸ਼ ਲਈ ਅਨੇਕਾਂ ਸ਼ਹਾਦਤਾਂ ਦੇਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਇਸ ਤਰ੍ਹਾਂ ਦੀਆਂ ਹੋਛੀਆਂ ਹਰਕਤਾਂ ਤੋਂ ਘਬਰਾਉਣ ਵਾਲੇ ਨਹੀਂ, ਸਗੋਂ ਹੋਰ ਜ਼ਿਆਦਾ ਜੋਸ਼ ਨਾਲ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਹੱਲਾ ਬੋਲਣਗੇ। ਇਸ ਮੌਕੇ ਯੂਥ ਕਾਂਗਰਸ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਪ੍ਰਧਾਨ ਰੋਹਿਤ ਜੋਸ਼ੀ, ਜਲੰਧਰ ਮਾਮਲਿਆਂ ਦੇ ਇੰਚਾਰਜ ਦਮਨਵੀਰ ਨਿਰਵੈਲ, ਹਨੀ ਜੋਸ਼ੀ, ਸੋਢੀ ਅਟਵਾਲ, ਸਾਬੀ ਦੁਧੀਆਲ, ਜਸਕਰਨ ਜੰਡੂਸਿੰਘਾ, ਜਗਪਿੰਦਰ ਸਿੰਘ, ਹੈਪੀ ਮਾਨਕਰਾਈ, ਬਿੰਦਾ ਓਜਲਾ, ਮਨਵੀਰ ਸਿੰਘ ਤੇ ਹੋਰ ਵੀ ਮੌਜੂਦ ਸਨ।


Related News