ਮਲੇਸ਼ੀਆ ''ਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਘਰ ਪਰਤੀ ਲਾਸ਼, ਮਾਨ ਨੇ ਵੰਡਾਇਆ ਦੁੱਖ
Monday, Jul 06, 2020 - 06:32 PM (IST)
ਧਨੌਲਾ (ਰਵਿੰਦਰ) : ਵਿਦੇਸ਼ 'ਚ ਆਰਥਿਕ ਹਾਲਤ ਸੁਧਾਰਣ ਦੇ ਸੁਪਨੇ ਲੈ ਕੇ ਕੁਝ ਸਮਾਂ ਪਹਿਲਾਂ ਹੀ ਪੰਧੇਰ ਦਾ ਨਿਰਮਲ ਸਿੰਘ ਮਲੇਸ਼ੀਆ ਗਿਆ ਸੀ, ਜਿਥੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਣ ਕਰੀਬ ਡੇਢ ਮਹੀਨਾ ਪਹਿਲਾਂ ਖੁਦਕੁਸ਼ੀ ਕਰ ਗਿਆ ਸੀ। ਨਿਰਮਲ ਸਿੰਘ ਦੀ ਮ੍ਰਿਤਕ ਦੇਹ ਅੱਜ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਯਤਨਾ ਸਦਕਾ ਪਿੰਡ ਪੰਧੇਰ ਪਹੁੰਚੀ। ਭਗਵੰਤ ਮਾਨ ਨੇ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਮਾੜੇ ਰੋਜ਼ਗਾਰ ਪ੍ਰਬੰਧਾਂ ਕਾਰਣ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਜੋ ਆਉਣ ਵਾਲੇ ਸਮੇਂ ਲਈ ਖ਼ਤਰਨਾਕ ਸਾਬਤ ਹੋਵੇਗਾ।
ਇਹ ਵੀ ਪੜ੍ਹੋ : ਕੋਰੋਨਾ ਕਾਰਣ ਕੈਪਟਨ ਸਰਕਾਰ ਦੀਆਂ ਨਵੀਆਂ ਹਿਦਾਇਤਾਂ, ਹੁਣ ਪੰਜਾਬ 'ਚ ਐਂਟਰੀ ਲਈ ਰੱਖੀ ਇਹ ਸ਼ਰਤ
ਮ੍ਰਿਤਕ ਨਿਰਮਲ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਚਚੇਰੇ ਭਰਾ ਗੁਰਸੇਵਕ ਸਿੰਘ ਤੇ ਜੀਵਨ ਪੰਧੇਰ ਨੇ ਦੱਸਿਆ ਕਿ ਨਿਰਮਲ ਸਿੰਘ ਦਾ ਪੰਜ ਸਾਲ ਪਹਿਲਾਂ ਵਿਆਹ ਹੋਇਆ ਸੀ, ਜਿਸ ਵਿਚ ਉਸ ਦੀ ਇਕ ਲੜਕੀ ਸਾਢੇ ਤਿੰਨ ਸਾਲ ਅਤੇ 8-9 ਮਹੀਨੇ ਦਾ ਲੜਕਾ ਹੈ। ਉਨ੍ਹਾਂ ਦੱਸਿਆ ਕਿ ਪੁੱਤਰ ਦੇ ਜਨਮ ਤੋਂ 15 ਦਿਨ ਬਾਅਦ ਹੀ ਨਿਰਮਲ ਵਿਦੇਸ਼ ਆਪਣੇ ਮਾਮੇ ਦੇ ਲੜਕੇ ਕੋਲ ਮਲੇਸ਼ੀਆ ਚਲ ਗਿਆ ਅਤੇ ਕੋਰੋਨਾ ਮਹਾਮਾਰੀ ਦੇ ਲਾਕ ਡਾਊਨ ਕਾਰਣ ਰੁਜ਼ਗਾਰ ਨਾ ਮਿਲਣ ਕਾਰਣ ਕਰਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨੀ ਰਹਿਣ ਲੱਗਾ। ਇਸ ਦੇ ਚੱਲਦੇ ਉਸ ਨੇ ਡੇਢ ਕੁ ਮਹੀਨਾ ਪਹਿਲਾਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੀ ਮ੍ਰਿਤਕ ਦੇਹ ਘਰ ਲਿਆਉਣ ਲਈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਪ੍ਰਬੰਧ ਕਰਵਾਏ। ਇਸ ਲਈ ਮ੍ਰਿਤਕ ਦੇ ਪਰਿਵਾਰ ਵਲੋਂ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ : ਬਾਬਾ ਬਕਾਲਾ : ਨਿਹੰਗ ਸਿੰਘ ਅਜੀਤ ਸਿੰਘ ਪੂਹਲਾ ਦੇ ਡੇਰੇ 'ਤੇ ਹਮਲਾ, ਚੱਲੀਆਂ ਗੋਲ਼ੀਆਂ