ਮਲੇਸ਼ੀਆ ''ਚ 2 ਲੱਖ ਰੁਪਏ ''ਚ ਵੇਚੀ ਲੜਕੀ ਨੇ ਸੁਣਾਈ ਦਿਲ ਕੰਬਾਉਣ ਵਾਲੀ ਦਾਸਤਾਨ

03/27/2018 7:09:20 PM

ਮੋਗਾ (ਵਿਪਨ) : ਏਜੰਟ ਵਲੋਂ ਧੋਖੇ ਨਾਲ ਮਲੇਸ਼ੀਆ ਭੇਜੀ ਗਈ ਮੋਗਾ ਦੇ ਪਿੰਡ ਸਮਾਸਲਰ ਦੀ ਹੈਪੀ ਕੌਰ ਨੇ ਆਪਣੀ ਦੁੱਖ ਭਰੀ ਹੱਡਬੀਤੀ ਬਿਆਨ ਕੀਤੀ ਹੈ। ਮਲੇਸ਼ੀਆ 'ਚ ਨੌਕਰੀ ਦੇ ਸਬਜ਼ਬਾਗ ਦਿਖਾ ਕੇ ਏਜੰਟ ਵੱਲੋਂ ਹੈਪੀ ਨੂੰ 2 ਲੱਖ ਰੁਪਏ 'ਚ ਵੇਚ ਦਿੱਤਾ ਗਿਆ ਪਰ ਮਲੇਸ਼ੀਆ ਪਹੁੰਚ ਕੇ ਹੈਪੀ ਨਾਲ ਜੋ ਬੀਤੀ ਉਹ ਸੁਣ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਤਿੰਨ ਮਹੀਨੇ ਦਿਨ-ਰਾਤ ਗੁਲਾਮਾਂ ਵਾਂਗ ਕੰਮ ਕਰਨ ਤੋਂ ਬਾਅਦ ਹੈਪੀ ਨੂੰ ਪੇਟ ਭਰ ਖਾਣਾ ਵੀ ਨਹੀਂ ਸੀ ਦਿੱਤਾ ਜਾਂਦਾ, ਉਲਟਾ ਜਦੋਂ ਉਹ ਖੁਦ ਨੂੰ ਵਾਪਸ ਭੇਜੇ ਜਾਣ ਦੀ ਗੱਲ ਕਰਦੀ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ।
ਇਸ ਨਰਕ ਭਰੀ ਜ਼ਿੰਦਗੀ 'ਚੋਂ ਬੱਚ ਕੇ ਆਈ ਹੈਪੀ ਨੇ ਆਪਣੇ ਵਾਂਗ ਮਲੇਸ਼ੀਆ 'ਚ ਵੇਚੀਆਂ ਗਈਆਂ 6 ਹੋਰ ਕੁੜੀਆਂ ਨੂੰ ਬਚਾਉਣ ਦੀ ਅਪੀਲ ਵੀ ਕੀਤੀ ਹੈ। ਇਧਰ ਹੈਪੀ ਦੇ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਲਾਕੇ ਦੇ 'ਆਪ' ਆਗੂ ਦੀ ਮਦਦ ਨਾਲ ਕਿਸੇ ਤਰ੍ਹਾਂ ਹੈਪੀ ਨੂੰ ਵਾਪਸ ਪੰਜਾਬ ਲਿਆਂਦਾ।
ਹੈਪੀ ਤੋਂ ਪਹਿਲਾਂ ਗੁਰਦਾਸਪੁਰ ਦੀ ਮਨਜੀਤ ਕੌਰ ਤੇ ਨੂਰਮਹਿਲ ਦੀ ਸੁਖਵੰਤ ਕੌਰ ਵੀ ਇਸੇ ਤਰ੍ਹਾਂ ਏਜੰਟਾਂ ਦੇ ਧੋਖੇ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। ਲੋੜ ਹੈ ਪ੍ਰਸ਼ਾਸਨ ਨੂੰ ਇਹੋ ਜਿਹੇ ਠੱਗ ਏਜੰਟਾਂ 'ਤੇ ਨਕੇਲ ਕੱਸਣ ਦੀ ਤਾਂ ਕਿ ਕਿਸੇ ਹੋਰ ਬੇਗੁਨਾਹ ਦੀ ਜ਼ਿੰਦਗੀ ਤਬਾਹ ਨਾ ਹੋ ਸਕੇ।


Related News