ਮਾਮਲਾ ਪਤਨੀ ਵਲੋਂ ਆਸ਼ਕਾਂ ਨਾਲ ਮਿਲ ਪਤੀ ਦੇ ਕਤਲ ਕਰਨ ਦਾ, ਨਹੀਂ ਮਿਲੀ ਲਾਸ਼

Thursday, Aug 08, 2019 - 12:07 PM (IST)

ਮਾਮਲਾ ਪਤਨੀ ਵਲੋਂ ਆਸ਼ਕਾਂ ਨਾਲ ਮਿਲ ਪਤੀ ਦੇ ਕਤਲ ਕਰਨ ਦਾ, ਨਹੀਂ ਮਿਲੀ ਲਾਸ਼

ਮੱਖੂ (ਵਾਹੀ) - ਪਤਨੀ ਵਲੋਂ ਆਸ਼ਕਾਂ ਨਾਲ ਮਿਲ ਕੇ ਪਤੀ ਦਾ ਕਤਲ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਨੂੰ ਪੁਲਸ ਨੇ ਦੋਸ਼ੀਆਂ ਨੂੰ ਤਾਂ ਕਾਬੂ ਕਰ ਲਿਆ ਸੀ ਪਰ ਮ੍ਰਿਤਕ ਸਵਰਨ ਸਿੰਘ ਦੀ ਲਾਸ਼ ਅਜੇ ਤੱਕ ਪੁਲਸ ਨੂੰ ਬਰਾਮਦ ਨਹੀਂ ਹੋਈ। ਦੱਸ ਦੇਈਏ ਕਿ ਮ੍ਰਿਤਕ ਦੀ ਧੀ ਵਲੋਂ ਦੁਹਾਈ ਪਾਉਣ 'ਤੇ 4 ਦਿਨ ਬਾਅਦ ਦੋਸ਼ੀਆਂ ਨੇ ਕਤਲ ਕਰਨ ਦੇ ਦੋਸ਼ ਮੰਨੇ ਸਨ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਫਿਰੋਜ਼ਪੁਰ ਨਹਿਰ 'ਚ ਸੁੱਟ ਦਿੱਤੇ ਜਾਣ ਵਾਲੀ ਜਗ੍ਹਾ ਦੀ ਸ਼ਨਾਖਤ ਕਰਵਾਈ ਪਰ ਹੁਣ ਤੱਕ ਨਾ ਤਾਂ ਨਹਿਰ ਦੇ ਪਾਣੀ ਦਾ ਵਹਾਅ ਘੱਟ ਹੋਇਆ ਅਤੇ ਨਾ ਹੀ ਸਰਕਾਰੀ ਤੌਰ 'ਤੇ ਕੋਈ ਲਾਸ਼ ਲੱਭਣ ਦੇ ਪੁੱਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਅਤੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨਾਲ ਸਾਈਬਰ ਕ੍ਰਾਈਮ ਰਾਹੀਂ ਠੱਗੀ ਹੋਣ 'ਤੇ ਠੱਗੀ ਕਰਨ ਵਾਲੇ ਦੀ ਪਛਾਣ ਕਰਕੇ ਪੁਲਸ ਰਾਂਚੀ ਤੱਕ ਪਹੁੰਚ ਗਈ, ਦੂਜੇ ਪਾਸੇ ਪੁਲਸ ਗਰੀਬ ਦੀ ਮੌਤ 'ਤੇ ਨਹਿਰ 'ਚੋਂ ਲਾਸ਼ ਲੱਭਣ ਲਈ ਮੁਸਤੈਦੀ ਨਹੀਂ ਵਿਖਾ ਰਹੀ। 

PunjabKesari

ਕੀ ਕਹਿਣਾ ਹੈ ਗੋਤਾਖੋਰਾਂ ਦਾ
ਲਾਸ਼ ਦੀ ਭਾਲ 'ਚ ਲੱਗੇ ਗੋਤਾਖੋਰ ਬਲਬੀਰ ਸਿੰਘ ਅਤੇ ਸੁਰਜੀਤ ਸਿੰੰਘ ਵਾਸੀਆਨ ਹਰੀਕੇ ਅਤੇ ਜਗੀਰ ਸਿੰਘ ਵਾਸੀ ਕੈਨਾਲ ਕਾਲੋਨੀ ਨੇ ਦੱਸਿਆ ਕਿ ਆਮ ਤੌਰ 'ਤੇ ਬੰਦੇ ਦੀ ਲਾਸ਼ ਤਿੰਨ ਦਿਨਾਂ ਬਾਅਦ ਪਾਣੀ 'ਚ ਤਰ ਕੇ ਉਪਰ ਆ ਜਾਂਦੀ ਹੈ। ਲਾਸ਼ ਨਾਲ ਬੰਨ੍ਹੇ ਇੱਟਾਂ ਪੱਥਰ, ਰੱਸੀਆਂ ਅਤੇ ਕੱਪੜੇ ਆਦਿ ਨੂੰ ਕੱਢਣ ਵੇਲੇ ਸਰੀਏ ਦੀਆਂ ਕੁੰਡੀਆਂ ਬਣਾ ਕੇ ਪਰਿਵਾਰ ਵਾਲਿਆਂ ਨੇ ਗੱਡੀ ਨਾਲ ਖਿੱਚ ਕੇ ਇਹ ਸਾਮਾਨ ਨਹਿਰ 'ਚੋਂ ਕੱਢਿਆ ਹੈ। ਹੋ ਸਕਦਾ ਹੈ ਕਿ ਲਾਸ਼ ਨਾਲ ਬੰਨ੍ਹਿਆ ਸਾਮਾਨ ਕੱਢਣ ਵੇਲੇ ਰੱਸੀਆਂ ਖੁੱਲ੍ਹ ਕੇ ਲਾਸ਼ ਪਾਣੀ ਦੇ ਬਹੁਤ ਹੀ ਤੇਜ਼ ਚੱਲ ਰਹੇ ਵਹਾਅ 'ਚ ਅੱਗੇ ਰੁੜ੍ਹ ਗਈ ਹੋਵੇ।

ਅਜੇ ਵੀ ਭੇਤ ਬਰਕਰਾਰ
ਗੁਪਤ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਪੁਲਸ ਦੀ ਪੁੱਛਗਿੱਛ 'ਚ ਕਾਤਲ ਮੰਨ ਚੁੱਕੇ ਹਨ ਕਿ ਰੋੜ੍ਹਨ ਵੇਲੇ ਉਨ੍ਹਾਂ ਲਾਸ਼ ਦਾ ਮੂੰਹ ਨੰਗਾ ਰੱਖਿਆ। ਕੇਸ ਖੋਲ੍ਹ ਕੇ ਉਨ੍ਹਾਂ ਨਾਲ ਇਕ ਰੱਸੀ ਜੋੜੀ, ਜਿਸ ਨੂੰ ਇੱਟਾਂ- ਪੱਥਰਾਂ ਦੇ ਭਰੇ ਪਲਾਸਟਿਕ ਦੇ ਤੋੜੇ ਨਾਲ ਬੰਨ੍ਹ ਦਿੱਤਾ। ਲਾਸ਼ ਦੇ ਲੱਕ ਅਤੇ ਪੈਰਾਂ ਨਾਲ ਵੀ ਭਾਰ ਬੰਨ੍ਹਿਆ ਗਿਆ। ਲਾਸ਼ ਨਾਲ ਘਰੋਂ ਗਾਇਬ ਹੋਏ ਕੱਪੜੇ, ਮੰਜੇ ਦੀ ਪੈਂਦ, ਤਲਾਈ ਦਾ ਕਵਰ ਅਤੇ ਇਕ ਜਨਾਨਾ ਸ਼ਾਲ ਵੀ ਨਹਿਰ 'ਚੋਂ ਬਰਾਮਦ ਹੋਈ ਹੈ।

ਮੁਸਤੈਦੀ ਨਾਲ ਕਰ ਰਹੇ ਹਾਂ ਪੈਰਵੀ : ਥਾਣਾ ਮੁਖੀ
ਮਾਮਲੇ 'ਚ ਵਰਤੀ ਜਾ ਰਹੀ ਢਿੱਲ-ਮੱਠ ਸਬੰਧੀ ਪੁੱਛੇ ਜਾਣ 'ਤੇ ਥਾਣਾ ਮੱਖੂ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਸਤੈਦੀ ਨਾਲ ਇਸ ਕੇਸ ਦੀ ਪੈਰਵੀ ਕਰ ਰਹੇ ਹਾਂ ਅਤੇ ਗੋਤਾਖੋਰ ਲਾਸ਼ ਦੀ ਭਾਲ ਕਰਨਗੇ। ਲਾਸ਼ ਖੁਰਦ-ਬੁਰਦ ਕਰਨ ਲਈ ਵਰਤਿਆ ਗਿਆ ਵਾਹਨ ਪੁਲਸ ਨੇ ਬਰਾਮਦ ਕਰ ਲਿਆ ਹੈ।


author

rajwinder kaur

Content Editor

Related News