ਸਾਲੀ ਨੇ ਫੌਜੀ 'ਤੇ ਲਾਏ ਗੰਭੀਰ ਦੋਸ਼, 5 ਮਹੀਨਿਆਂ ਤੋਂ ਭਾਲ ਰਿਹੈ ਇਨਸਾਫ (ਤਸਵੀਰਾਂ)

03/23/2019 5:11:51 PM

ਕਪੂਰਥਲਾ (ਓਬਰਾਏ)— ਸਿਆਚੀਨ ਦੇ ਬਾਰਡਰ 'ਤੇ ਤਾਇਨਾਤ ਈ. ਜੀ. 859 ਰੈਜ਼ੀਮੈਂਟ ਦਾ ਜਵਾਨ ਮੱਖਣ ਸਿੰਘ ਇਨਸਾਫ ਲਈ 5 ਮਹੀਨਿਆਂ ਤੋਂ ਇੱਧਰ- ਉੱਧਰ ਭਟਕ ਰਿਹਾ ਹੈ। ਉਹ ਕਦੇ ਐੱਸ. ਐੱਸ. ਪੀ. ਕਪੂਰਥਲਾ ਦੇ ਦਫਤਰ, ਕਦੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਦੇ ਦਫਤਰ ਅਤੇ ਕਦੇ ਥਾਣਾ ਇੰਚਾਰਜ ਦੇ ਦਫਤਰ ਦੇ ਚੱਕਰ ਲਗਾ ਰਿਹਾ ਹੈ ਪਰ ਕਿਸੇ ਪਾਸੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਦਰਅਸਲ 30 ਅਕਤੂਬਰ 2018 ਨੂੰ ਫੌਜ ਤੋਂ ਛੁੱਟੀ ਲੈ ਕੇ ਆਪਣੀ ਰੁੱਸੀ ਹੋਈ ਪਤਨੀ ਨੂੰ ਲੈਣ ਉਹ ਆਪਣੇ ਸਾਂਢੂ ਘਰ ਗਿਆ ਸੀ ਤਾਂ ਉਥੇ ਉਸ ਦਾ ਸਾਂਢੂ ਨਾਲ ਝਗੜਾ ਹੋ ਗਿਆ। ਮੱਖਣ ਸਿੰਘ ਦਾ ਸਾਂਢੂ ਪੰਜਾਬ ਪੁਲਸ 'ਚ ਹੌਲਦਾਰ ਦੇ ਤੌਰ 'ਤੇ ਤਾਇਨਾਤ ਹੈ। ਉਸ ਨੇ ਫੌਜੀ ਮੱਖਣ ਨਾਲ ਹੱਥੋਪਾਈ ਕੀਤੀ ਅਤੇ ਉਸ ਦਾ ਆਈ. ਡੀ. ਕਾਰਡ ਵੀ ਖੋਹ ਲਿਆ। ਇਸ ਦੇ ਨਾਲ ਹੀ ਉਸ ਦੀ ਪਤਨੀ ਨੂੰ ਭੇਜਣ ਤੋਂ ਇਨਕਾਰ ਕਰ ਦਿੱਤਾ। ਕਾਰਡ ਖੋਹਣ ਦੀ ਸ਼ਿਕਾਇਤ ਪਹਿਲਾਂ ਉਕਤ ਫੌਜੀ ਵੱਲੋਂ ਐੱਸ. ਐੱਚ. ਓ. ਨੂੰ ਉਸੇ ਦਿਨ ਅਤੇ ਬਾਅਦ 'ਚ ਕਪੂਰਥਲਾ ਦੇ ਐੱਸ. ਐੱਸ. ਪੀ. ਨੂੰ ਦਿੱਤੀ ਗਈ। ਉਥੇ ਹੀ ਦੂਜੇ ਪਾਸੇ ਫੌਜੀ ਦੀ ਸਾਲੀ ਨੇ ਫੌਜੀ ਮੱਖਣ ਸਿੰਘ 'ਤੇ ਛੇੜਛਾੜ ਦੀ ਸ਼ਿਕਾਇਤ ਦੇ ਦਿੱਤੀ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਵੀ ਦਰਜ ਕਰ ਲਿਆ ਜਦਕਿ ਪਹਿਲੀ ਸ਼ਿਕਾਇਤ ਮੱਖਣ ਸਿੰਘ ਨੇ ਦਿੱਤੀ ਸੀ। ਪਹਿਲਾਂ ਦਿੱਤੀ ਗਈ ਸ਼ਿਕਾਇਕ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। 
PunjabKesari

ਮੱਖਣ ਸਿੰਘ ਨੇ ਦੱਸਿਆ ਕਿ ਉਸ ਦੀ ਕੰਪਨੀ 'ਚੋਂ ਮੇਜਰ ਵੀ ਇਸ ਸਾਰੇ ਮਾਮਲੇ 'ਚ ਐੱਸ. ਐੱਸ. ਪੀ. ਨੂੰ ਮਿਲਣ ਆਏ ਸਨ ਪਰ ਕਪੂਰਥਲਾ ਪੁਲਸ ਨੇ ਉਨ੍ਹਾਂ ਨੂੰ ਬੇਰੰਗ ਵਾਪਸ ਭੇਜ ਦਿੱਤਾ। ਉਸ ਨੇ ਦੱਸਿਆ ਕਿ ਕੰਪਨੀ ਦੇ ਕਮਾਂਡੇਂਟ ਵੱਲੋਂ ਕਈ ਚਿੱਠੀਆਂ ਲਿਖੀਆਂ ਗਈਆਂ ਪਰ ਅਜੇ ਤੱਕ ਉਹ ਐੱਸ. ਐੱਸ. ਪੀ. ਦਫਤਰ ਤੋਂ ਡੀ. ਐੱਸ. ਪੀ. ਦਫਤਰ ਵੱਲ ਅਤੇ ਉਥੋਂ ਐੱਸ. ਐੱਚ. ਓ. ਦਫਤਰ ਦੇ ਪਿਛਲੇ 5 ਮਹੀਨਿਆਂ ਤੋਂ ਚੱਕਰ ਲਗਾ ਰਿਹਾਹੈ। 

PunjabKesariਉਥੇ ਹੀ ਜਦੋਂ ਇਸ ਬਾਰੇ ਐੱਸ. ਐੱਸ. ਪੀ. ਕਪੂਰਥਲਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਸਾਰਾ ਮਾਮਲਾ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਦੇ ਕੋਲ ਹੋਣ ਦੀ ਗੱਲ ਕਹੀ ਅਤੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਵਿਸ਼ਾਲ ਜੀਤ ਨੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਜੇਕਰ ਪੁਲਸ ਨੇ ਸਮੇਂ 'ਤੇ ਕਾਰਵਾਈ ਨਾ ਕੀਤੀ ਤਾਂ ਮੱਖਣ ਸਿੰਘ ਨੂੰ ਫੌਜੀ ਦੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ।


shivani attri

Content Editor

Related News