ਸਾਬਕਾ ਮੁੱਖ ਮੰਤਰੀ ਚੰਨੀ ਦਾ ਨਵਾਂ ਘਰ ਹੁਣ ਬਣੇਗਾ ਕਾਂਗਰਸੀ ਗਤੀਵਿਧੀਆਂ ਦਾ ਕੇਂਦਰ ਬਿੰਦੂ
Friday, Apr 03, 2026 - 09:13 AM (IST)
ਜਲੰਧਰ/ਚੰਡੀਗੜ੍ਹ (ਵਿਸ਼ੇਸ਼) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਪੂਰੀ ਤਰ੍ਹਾਂ ਜਲੰਧਰ ਦੇ ਹੋ ਗਏ ਹਨ। ਉਨ੍ਹਾਂ ਨੇ ਜਲੰਧਰ ਕੈਂਟ ਨੇੜੇ ਖਜੂਰਲਾ ਵਿਚ 5 ਕਨਾਲ ਜ਼ਮੀਨ ’ਤੇ ਨਵਾਂ ਘਰ ਉਸਾਰ ਲਿਆ ਹੈ ਅਤੇ ਉਸ ਵਿਚ ਸ਼ਿਫਟ ਹੋ ਗਏ ਹਨ। ਇਸ ਘਰ ਦੀ ਉਸਾਰੀ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਵੱਲੋਂ ਲਾਏ ਗਏ ‘ਬਾਹਰੀ’ ਹੋਣ ਦੇ ਦੋਸ਼ਾਂ ਦਾ ਜਵਾਬ ਮੰਨੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨੇ ਜਲੰਧਰ ਲੋਕ ਸਭਾ ਹਲਕੇ ਵਿਚ ਸਥਾਈ ਤੌਰ ’ਤੇ ਵਸਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ - ਪਾਕਿਸਤਾਨ 'ਚ ਆਤਮਘਾਤੀ ਹਮਲਾ: ਥਾਣੇ 'ਚ ਜਾ ਵੜੀ ਵਿਸਫੋਟਕਾਂ ਨਾਲ ਭਰੀ ਕਾਰ, ਧਮਾਕੇ 'ਚ 5 ਦੀ ਮੌਤ
ਇਸ ਘਰ ਦੀ ਉਸਾਰੀ ਤੋਂ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਚੰਨੀ ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿਚ 45 ਮਰਲੇ ਦੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ, ਜਿੱਥੋਂ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਚਲਾਈ ਸੀ। ਇਹ ਨਵਾਂ ਘਰ ਦੋਆਬਾ ਖੇਤਰ ਵਿਚ ਉਨ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਦਾ ਮੁੱਖ ਕੇਂਦਰ ਬਣੇਗਾ, ਜਿੱਥੇ ਉਹ ਪਾਰਟੀ ਵਰਕਰਾਂ, ਆਗੂਆਂ ਅਤੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ। ਘਰ ਨੂੰ ਪਰਦਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇੱਥੇ ਸਿਰਫ਼ ਇਕ ਬੈੱਡਰੂਮ ਬਣਾਇਆ ਹੈ। ਪੂਰਾ ਗਰਾਊਂਡ ਫਲੋਰ ਪਾਰਟੀ ਦੇ ਕੰਮ ਲਈ ਸਮਰਪਿਤ ਰਹੇਗਾ। ਮੀਟਿੰਗਾਂ ਲਈ ਦੋ ਵੱਡੇ ਹਾਲ ਬਣਾਏ ਗਏ ਹਨ। ਬਾਹਰਲੇ ਲਾਅਨ ਵਿਚ ਵੀ ਮੀਟਿੰਗਾਂ ਅਤੇ ਪ੍ਰੋਗਰਾਮ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ - 11 ਰੁਪਏ ਮਹਿੰਗਾ ਹੋ ਗਿਆ ਪੈਟਰੋਲ-ਡੀਜ਼ਲ
ਵਾਸਤੂ ਵਿਚ ਵਿਸ਼ਵਾਸ ਰੱਖਦੇ ਹੋਏ ਚੰਨੀ ਨੇ ਘਰ ਦੇ ਉੱਤਰ-ਪੂਰਬੀ ਹਿੱਸੇ ਨੂੰ ਖਾਲੀ ਛੱਡਿਆ ਹੈ, ਜਿਸ ਨੂੰ ਉਹ ਲਾਅਨ ਵਜੋਂ ਵਰਤਣਗੇ। ਜਲੰਧਰ ਸਿਆਸੀ ਆਗੂਆਂ ਲਈ ਇਕ ਪਸੰਦੀਦਾ ਸਥਾਨ ਮੰਨਿਆ ਜਾਂਦਾ ਹੈ, ਕਿਉਂਕਿ ਇਹ ਪੰਜਾਬ ਦੇ ਕੇਂਦਰ ਵਿਚ ਸਥਿਤ ਹੈ, ਮੀਡੀਆ ਹੱਬ ਹੈ ਅਤੇ ਇੱਥੇ ਦਲਿਤ ਆਬਾਦੀ ਵੀ ਕਾਫ਼ੀ ਹੈ। ਚੰਨੀ ਪੰਜਾਬ ਦੇ ਇਕੋ-ਇਕ ਦਲਿਤ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਇੱਥੇ ਉਨ੍ਹਾਂ ਦੀ ਕਾਫ਼ੀ ਲੋਕਪ੍ਰਿਯਤਾ ਹੈ। ਹਾਲਾਂਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋ ਸੀਟਾਂ ਤੋਂ ਹਾਰ ਗਏ ਸਨ ਪਰ 2024 ਵਿਚ ਉਨ੍ਹਾਂ ਨੇ ਜਲੰਧਰ ਲੋਕ ਸਭਾ ਸੀਟ ਵੱਡੇ ਫਰਕ ਨਾਲ ਜਿੱਤ ਲਈ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਲੋਕਾਂ ਨੂੰ ਲੱਗਾ ਵੱਡਾ ਝਟਕਾ
ਚੰਨੀ ਨੇ ਕਿਹਾ, ‘ਮੈਂ ਆਪਣੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਲੰਧਰ ਵਿਚ ਵਸਾਂਗਾ ਅਤੇ ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ। ਮੈਂ ਪਿਛਲੇ ਸਾਲ ਇੱਥੇ ਜ਼ਮੀਨ ਖਰੀਦੀ ਸੀ ਅਤੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਜਦੋਂ ਘਰ ਤਿਆਰ ਹੋ ਗਿਆ ਹੈ, ਤਾਂ ਮੈਂ ਇੱਥੋਂ ਆਪਣੀਆਂ ਸਿਆਸੀ ਗਤੀਵਿਧੀਆਂ ਸ਼ੁਰੂ ਕਰਾਂਗਾ। ਸ਼ੁੱਕਰਵਾਰ ਤੋਂ ਮੈਂ ਆਪਣੇ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਵਾਰੀ-ਵਾਰੀ ਸੱਦਾ ਦੇਵਾਂਗਾ। ਮੇਰੇ ਸੰਸਦੀ ਖੇਤਰ ਵਿਚ 9 ਵਿਧਾਨ ਸਭਾ ਹਲਕੇ ਆਉਂਦੇ ਹਨ, ਇਸ ਲਈ ਅਗਲੇ 9 ਦਿਨਾਂ ਤੱਕ ਮੈਂ ਹਰ ਹਲਕੇ ਦੇ ਵਰਕਰਾਂ ਅਤੇ ਸਮਰਥਕਾਂ ਦੀ ਮੇਜ਼ਬਾਨੀ ਕਰਾਂਗਾ।’
ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
