ਚੀਮਾ ਰੋਡ ਵਾਸੀਆਂ ਵੱਲੋਂ ਮੇਨ ਚੌਕ ਜਾਮ

02/04/2018 2:06:08 AM

ਕੋਟ ਈਸੇ ਖਾਂ,   (ਗਰੋਵਰ, ਸੰਜੀਵ)-  ਕਸਬਾ ਕੋਟ ਈਸੇ ਖਾਂ ਦਾ ਮੇਨ ਚੌਕ ਤਕਰੀਬਨ 5.15 'ਤੇ ਚੀਮਾਂ ਰੋਡ ਵਾਸੀਆਂ ਵੱਲੋਂ ਅਚਾਨਕ ਜਾਮ ਕਰ ਦਿੱਤਾ ਗਿਆ। ਇਸ ਸਬੰਧ 'ਚ ਗੱਲਬਾਤ ਕਰਦਿਆਂ ਲੜਕੀ ਦੇ ਪਿਤਾ ਬਿੱਟੂ ਨੇ ਦੱਸਿਆ ਕਿ ਉਸਦੀ ਲੜਕੀ ਚੀਮਾਂ ਰੋਡ, ਸਾਧਾਂ ਵਾਲੀ ਬਸਤੀ, ਕੋਟ ਈਸੇ ਖਾਂ ਵਿਖੇ ਵਿਆਹੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਪੁੱਤਰੀ ਪ੍ਰਿਆ ਪਤਨੀ ਸ਼ਨੀ ਵਾਸੀ ਚੀਮਾਂ ਰੋਡ, ਸਾਧਾਂ ਵਾਲੀ ਬਸਤੀ, ਕੋਟ ਈਸੇ ਖਾਂ ਨਾਲ ਝੁੱਗੀ 'ਚ ਆ ਕੇ ਇਕ ਲੜਕੇ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਸਬੰਧ 'ਚ ਉਨ੍ਹਾਂ ਨੇ ਥਾਣਾ ਕੋਟ ਈਸੇ ਖਾਂ ਵਿਖੇ ਲਿਖਤੀ ਦਰਖਾਸਤ ਵੀ ਦਿੱਤੀ ਪਰ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਕਰਨ ਦੀ ਬਜਾਏ ਉਕਤ ਪ੍ਰਿਆ ਨੂੰ ਅਤੇ ਉਸ ਦੇ ਸਹੁਰੇ ਨੂੰ ਹੀ ਥਾਣੇ 'ਚ ਬਿਠਾ ਲਿਆ ਅਤੇ ਹੌਲਦਾਰ ਰਾਜ ਸਿੰਘ ਨੇ ਮੇਰੀ ਲੜਕੀ ਦੇ ਚਪੇੜਾਂ ਮਾਰੀਆਂ, ਜਿਸ ਕਾਰਨ ਸਾਰੇ ਮੁਹੱਲੇ ਵਾਲਿਆਂ ਨੇ ਆ ਕੇ ਕੋਟ ਈਸੇ ਖਾਂ ਮੇਨ ਚੌਕ ਜਾਮ ਕੀਤਾ। 
ਉਨ੍ਹਾਂ ਦੱਸਿਆ ਕਿ ਧਰਨਾ ਲੱਗਣ ਤੋਂ ਬਾਅਦ ਹੀ ਪੁਲਸ ਨੇ ਲੜਕੀ ਨੂੰ ਥਾਣੇ 'ਚੋਂ ਬਾਹਰ ਲਿਆਂਦਾ ਹੈ। ਕੋਟ ਈਸੇ ਖਾਂ ਦੀ ਪੁਲਸ ਪਾਰਟੀ ਧਰਨੇ ਦੀ ਖਬਰ ਮਿਲਦਿਆਂ ਹੀ ਮੇਨ ਚੌਕ 'ਚ ਆਈ ਪਰ ਮੁਹੱਲੇ ਵਾਲਿਆਂ ਨੇ ਕਿਹਾ ਕਿ ਇਨਸਾਫ ਮਿਲਣ ਤੋਂ ਬਿਨਾਂ ਧਰਨਾ ਨਹੀਂ ਚੁੱਕਣਗੇ। ਤਕਰੀਬਨ ਇਕ ਘੰਟੇ ਦੇ ਧਰਨੇ ਤੋਂ ਬਾਅਦ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਮੌਕੇ 'ਤੇ ਪਹੁੰਚੇ, ਜੋ ਚੀਮਾਂ ਰੋਡ ਵਾਸੀਆਂ ਨੂੰ ਨਾਲ ਲੈ ਕੇ ਥਾਣਾ ਕੋਟ ਈਸੇ ਖਾਂ ਪਹੁੰਚੇ, ਜਿਥੇ ਡੀ. ਐੱਸ. ਪੀ. ਧਰਮਕੋਟ ਅਜੈ ਰਾਜ ਸਿੰਘ ਨਾਲ ਸਾਰੀ ਗੱਲਬਾਤ ਕੀਤੀ, ਜਿਸ 'ਤੇ ਡੀ. ਐੱਸ. ਪੀ. ਧਰਮਕੋਟ ਨੇ ਲੜਕੀ ਪ੍ਰਿਆ ਨੂੰ ਸਰਕਾਰੀ ਹਸਪਤਾਲ 'ਚ ਮੈਡੀਕਲ ਕਰਵਾਉਣ ਲਈ ਭੇਜ ਦਿੱਤਾ ਅਤੇ ਕਿਹਾ ਕਿ ਜੋ ਮੈਡੀਕਲ ਰਿਪੋਰਟ ਆਵੇਗੀ, ਉਸ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਪਿੰਟੂ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਮੈਡੀਕਲ ਰਿਪੋਰਟ ਮੁਤਾਬਕ ਜ਼ਰੂਰ ਕਾਰਵਾਈ ਕਰਨਗੇ ਤੇ ਮੁਹੱਲਾ ਵਾਸੀਆਂ ਨੂੰ ਇਨਸਾਫ ਮਿਲੇਗਾ।


Related News