ਮਾਛੀਵਾੜਾ : ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ''ਤੇ ਪੁਲਸ ਹੋਈ ਸਖਤ, ਕੱਟੇ ਚਲਾਨ

Thursday, Apr 02, 2020 - 05:07 PM (IST)

ਮਾਛੀਵਾੜਾ : ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ''ਤੇ ਪੁਲਸ ਹੋਈ ਸਖਤ, ਕੱਟੇ ਚਲਾਨ

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਕਾਰਨ ਲਾਏ ਗਏ ਕਰਫਿਊ ਦੇ ਮੱਦੇਨਜ਼ਰ ਮਾਛੀਵਾੜਾ ਪੁਲਸ ਵਲੋਂ ਹੁਣ ਸਖ਼ਤ ਰਵੱਈਆ ਅਪਣਾ ਲਿਆ ਗਿਆ ਹੈ, ਜਿਸ ਤਹਿਤ ਅੱਜ ਉਲੰਘਣਾ ਕਰਨ ਵਾਲੇ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ, ਜਦੋਂ ਕਿ ਸੜਕਾਂ ’ਤੇ ਵਿਹਲੀਆਂ ਗੇੜੀਆਂ ਮਾਰਨ ਵਾਲੇ 20 ਵਿਅਕਤੀਆਂ ਵੀ ਦੇ ਚਲਾਨ ਕੱਟੇ ਗਏ।  ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਪੂਰੇ ਭਾਰਤ ’ਚ 21 ਦਿਨਾਂ ਲਾਕਡਾਊਨ ਕੀਤਾ ਹੈ ਅਤੇ ਲੁਧਿਆਣਾ ਡਿਪਟੀ ਕਮਿਸ਼ਨਰ ਵਲੋਂ ਵੀ ਕਰਫਿਊ ਦੇ ਹੁਕਮ ਜਾਰੀ ਕੀਤੇ ਹਨ। ਅੱਜ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਨੇ ਪੁਲਸ ਪਾਰਟੀ ਸਮੇਤ ਟੀ-ਪੁਆਇੰਟ ਖਾਨਪੁਰ ਮੰਡ ਵਿਖੇ ਨਾਕਾਬੰਦੀ ਕੀਤੀ ਸੀ ਕਿ ਇੱਕ ਮੋਟਰਸਾਈਕਲ ਜਿਸ ਉਪਰ 3 ਲੜਕੇ ਸਵਾਰ ਸਨ, ਉਹ ਪੁਲਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ।

ਮੋਟਰਸਾਈਕਲ ਸਵਾਰ ਇਨ੍ਹਾਂ ਵਿਅਕਤੀਆਂ ਨੇ ਆਪਣਾ ਨਾਮ ਚਰਨਜੀਤ, ਗੁਰਜੋਤ ਤੇ ਕੋਮਲਪ੍ਰੀਤ ਸਿੰਘ ਵਾਸੀ ਬੈਰਸਾਲ ਖੁਰਦ ਦੱਸਿਆ, ਜਿਨ੍ਹਾਂ ਕੋਲ ਕਰਫਿਊ ਤੋਂ ਬਾਹਰ ਆਉਣ ਦੀ ਕੋਈ ਵੀ ਮਨਜ਼ੂਰੀ ਨਹੀਂ ਸੀ। ਮਾਛੀਵਾੜਾ ਪੁਲਸ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਇਨ੍ਹਾਂ ਤਿੰਨਾਂ ਖਿਲਾਫ਼ 188 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਵਲੋਂ ਵੀ ਪਵਾਤ ਪੁਲ ’ਤੇ ਨਾਕਾਬੰਦੀ ਕੀਤੀ ਸੀ ਅਤੇ ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀਆਂ ਮਲਕੀਤ ਸਿੰਘ ਤੇ ਗੁਰਦਿੱਤ ਸਿੰਘ ਵਾਸੀ ਕਾਉਂਕੇ ਨੇ ਵੀ ਕਰਫਿਊ ਦੀ ਉਲੰਘਣਾ ਕੀਤੀ, ਜਿਸ ’ਤੇ ਇਨ੍ਹਾਂ ਦੋਵਾਂ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸੇ ਤਰ੍ਹਾਂ ਸਹਾਇਕ ਥਾਣੇਦਾਰ ਵਿਪਨ ਕੁਮਾਰ ਤੇ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਵਲੋਂ ਵੀ ਮਾਛੀਵਾੜਾ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਦੌਰਾਨ ਸੜਕਾਂ ’ਤੇ ਵਿਹਲੀਆਂ ਗੇੜੀਆਂ ਮਾਰਨ ਵਾਲੇ 15 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਕੋਈ ਵਿਅਕਤੀ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਹੋਵੇਗੀ। ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ. ਹਰਪ੍ਰੀਤ ਸਿੰਘ ਅਤੇ ਡੀ.ਐਸ.ਪੀ. ਐਚ.ਐਸ. ਮਾਨ ਦੇ ਸਖ਼ਤ ਆਦੇਸ਼ ਹਨ ਕਿ ਸਰਕਾਰ ਵਲੋਂ ਲਗਾਏ ਕਰਫਿਊ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲਾਏ ਕਰਫਿਊ ਦੀ ਪਾਲਣਾ ਕਰਨ ਅਤੇ ਘਰਾਂ ’ਚ ਸੁਰੱਖਿਅਤ ਰਹਿਣ।
 ਇਸ ਤੋਂ ਇਲਾਵਾ ਮਾਛੀਵਾੜਾ ਮੇਨ ਚੌਂਕ ’ਚ ਤਾਇਨਾਤ ਟ੍ਰੈਫਿਕ ਪੁਲਸ ਵਲੋਂ ਵੀ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਗਨੀ ਖਾਂ ਨਬੀ ਖਾਂ ਗੇਟ ਵਿਖੇ ਨਾਕਾਬੰਦੀ ਦੌਰਾਨ ਜੋ ਵਿਅਕਤੀ ਬਿਨ੍ਹਾਂ ਵਜ੍ਹਾ ਸੜਕਾਂ ’ਤੇ ਘੁੰਮ ਰਹੇ ਸਨ ਉਨ੍ਹਾਂ ਦੀ ਜਾਂਚ ਕੀਤੀ ਅਤੇ ਵੱਖ-ਵੱਖ 5 ਵਾਹਨਾਂ ਦੇ ਚਲਾਨ ਕੱਟੇ। ਪੁਲੀਸ ਵਲੋਂ ਪਿਛਲੇ 2 ਦਿਨਾਂ ਤੋਂ ਕੀਤੀ ਜਿਆਦਾ ਸਖ਼ਤੀ ਕਾਰਨ ਹੁਣ ਸੜਕਾਂ ’ਤੇ ਲੋਕ ਬਹੁਤ ਘੱਟ ਆ ਰਹੇ ਹਨ ਅਤੇ ਗਲੀਆਂ-ਮੁਹੱਲਿਆਂ ’ਚ ਵੀ ਜੋ ਝੁੰਡ ਬਣਾ ਕੇ ਖੜਦੇ ਸਨ ਉਨ੍ਹਾਂ ਉਪਰ ਵੀ ਠੱਲ੍ਹ ਪਈ ਹੈ।


author

Babita

Content Editor

Related News