ਗੁੱਜਰਾਂ ਦੇ ਡੇਰੇ ਨੂੰ ਲੱਗੀ ਅੱਗ, ਜਿਊਂਦੀ ਸੜੀ 3 ਸਾਲਾ ਬੱਚੀ

Wednesday, May 08, 2019 - 12:48 PM (IST)

ਗੁੱਜਰਾਂ ਦੇ ਡੇਰੇ ਨੂੰ ਲੱਗੀ ਅੱਗ, ਜਿਊਂਦੀ ਸੜੀ 3 ਸਾਲਾ ਬੱਚੀ

ਮਾਛੀਵਾੜਾ ਸਾਹਿਬ (ਟੱਕਰ) : ਅੱਜ ਸਵੇਰੇ ਪਿੰਡ ਪਵਾਤ ਵਿਖੇ ਗੁੱਜਰਾਂ ਦੇ ਡੇਰੇ ਵਿਚ ਅਚਾਨਕ ਅੱਗ ਲੱਗ ਗਈ, ਜਿਸ 'ਚ ਤਿੰਨ ਸਾਲਾਂ ਮਾਸੂਮ ਬੱਚੀ ਪਰਮੀਨਾ ਜ਼ਿੰਦਾ ਸੜ ਗਈ। ਜਾਣਕਾਰੀ ਮੁਤਾਬਕ ਪਵਾਤ ਪਿੰਡ ਦੇ ਬਾਹਰ ਗੁੱਜਰ ਭਾਈਚਾਰੇ ਨਾਲ ਸਬੰਧਤ ਅਸਰਫ਼ ਅਲੀ, ਆਯੂਬ ਖਾਨ ਤੇ ਸਬੀਰ ਅਲੀ ਆਪਣੇ ਡੇਰੇ ਬਣਾ ਕੇ ਪਰਿਵਾਰਾਂ ਸਮੇਤ ਪਿਛਲੇ ਕਾਫ਼ੀ ਸਮੇਂ ਤੋਂ ਰਹਿ ਰਹੇ ਹਨ, ਜੋ ਕਿ ਦੁੱਧ ਵੇਚਣ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਨੇ ਆਪਣੇ ਇਹ ਡੇਰੇ ਝੁੱਗੀਆਂ ਵਰਗੇ ਬਣਾਏ ਹੋਏ ਸਨ। ਅਚਾਨਕ ਅੱਜ ਸਵੇਰੇ ਇਨ੍ਹਾਂ ਗੁੱਜਰਾਂ ਦੇ ਡੇਰਿਆਂ ਨੂੰ ਇੱਕ ਪਾਸਿਓਂ ਅੱਗ ਲੱਗ ਗਈ, ਜੋ ਕਿ ਦੇਖਦੇ ਹੀ ਦੇਖਦੇ ਫੈਲ ਗਈ।

PunjabKesariਇਸ ਅੱਗ ਵਿਚ ਆਯੂਬ ਖਾਨ ਦੀ ਤਿੰਨ ਸਾਲਾਂ ਮਾਸੂਮ ਲੜਕੀ ਪਰਮੀਨਾ ਜੋ ਕਿ ਡੇਰੇ ਅੰਦਰ ਸੁੱਤੀ ਪਈ ਸੀ, ਅੱਗ ਦੀ ਲਪੇਟ 'ਚ ਆ ਕੇ ਜਿਊਂਦੀ ਸੜ ਗਈ, ਜਦਕਿ ਉਸਦਾ ਦਾਦਾ ਨਵਾਬਦੀਨ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਅੱਗ ਵਿਚ ਸ਼ਬੀਰ ਅਲੀ ਦੇ 2 ਲੱਖ ਰੁਪਏ ਨਗਦੀ ਤੇ 60 ਹਜ਼ਾਰ ਦੇ ਗਹਿਣੇ, ਆਯੂਬ ਖਾਨ ਦੇ 1.50 ਲੱਖ ਰੁਪਏ ਨਗਦੀ, 65 ਹਜ਼ਾਰ ਦੇ ਗਹਿਣੇ ਅਤੇ ਅਸਰਫ਼ ਅਲੀ ਦੇ 35 ਹਜ਼ਾਰ ਰੁਪਏ ਨਗਦੀ, 2 ਤੋਲੇ ਸੋਨੇ ਤੋਂ ਇਲਾਵਾ ਘਰ ਦਾ ਸਾਰਾ ਘਰੇਲੂ ਸਮਾਨ ਰਾਖ ਹੋ ਗਿਆ। ਇਸ ਅੱਗ ਵਿਚ ਗੁੱਜਰਾਂ ਦੇ 2 ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਗਏ। 
PunjabKesari
ਸੂਚਨਾ ਮਿਲਦੇ ਹੀ ਸਮਰਾਲਾ ਤੋਂ ਫਾਇਰ ਬ੍ਰਿਗੇਡ  ਦੀਆਂ ਗੱਡੀਆਂ ਵੀ ਮੌਕੇ 'ਤੇ ਪੁੱਜੀਆਂ ਅਤੇ ਉਨ੍ਹਾਂ ਅੱਗ ਉਪਰ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਮਾਛੀਵਾੜਾ ਥਾਣਾ ਮੁਖੀ ਰਮਨਇੰਦਰਜੀਤ ਸਿੰਘ ਵੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਜ਼ਿੰਦਾ ਸੜੀ ਲੜਕੀ ਪਰਮੀਨਾ ਦੀ ਲਾਸ਼ ਨੂੰ ਕਬਜ਼ੇ 'ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ। ਪਿੰਡ ਪਵਾਤ ਦੇ ਨਿਵਾਸੀਆਂ ਨੇ ਮੰਗ ਕੀਤੀ ਕਿ ਗੁੱਜਰ ਭਾਈਚਾਰੇ ਨਾਲ ਸਬੰਧਤ ਇਨ੍ਹਾਂ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇਵੇ।


author

Baljeet Kaur

Content Editor

Related News